#PUNJAB

ਪੰਜਾਬ ‘ਚ 2021 ਤੇ 2022 ‘ਚ ਸੜਕ ਹਾਦਸਿਆਂ ‘ਚ ਮਰਨ ਵਾਲਿਆਂ ਦੀ ਦਰ ਜ਼ਖਮੀਆਂ ਨਾਲੋਂ ਜ਼ਿਆਦਾ

-ਹਰਿਆਣਾ ‘ਚ ਹਾਦਸਿਆਂ ਦੀ ਦਰ ਜ਼ਿਆਦਾ
ਚੰਡੀਗੜ੍ਹ, 11 ਦਸੰਬਰ (ਪੰਜਾਬ ਮੇਲ)- ਐੱਨ.ਸੀ.ਆਰ.ਬੀ. ਦੀ ਹਾਲ ਹੀ ਵਿਚ ਜਾਰੀ ਰਿਪੋਰਟ ਅਨੁਸਾਰ ਸਾਲ 2021 ਅਤੇ 2022 ਵਿਚ ਪੰਜਾਬ ਵਿਚ ਸੜਕ ਹਾਦਸਿਆਂ ‘ਚ ਮਰਨ ਵਾਲਿਆਂ ਦੀ ਦਰ ਜ਼ਖ਼ਮੀਆਂ ਨਾਲੋਂ ਜ਼ਿਆਦਾ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਗੁਆਂਢੀ ਸੂਬੇ ਹਰਿਆਣਾ ਵਿਚ ਹਾਦਸਿਆਂ ਦੀ ਦਰ ਵਧ ਹੈ। ਪੰਜਾਬ ਵਿਚ 2022 ਵਿਚ 6,122 ਸੜਕ ਹਾਦਸਿਆਂ ਵਿਚ 4,688 ਮੌਤਾਂ ਅਤੇ 3,372 ਜ਼ਖ਼ਮੀ ਹੋਏ। ਇਸ ਤੋਂ ਪਿਛਲੇ ਸਾਲ 6,097 ਸੜਕ ਹਾਦਸਿਆਂ ਵਿਚ 4,516 ਮੌਤਾਂ ਹੋਈਆਂ, ਜਦਕਿ 3,034 ਜ਼ਖ਼ਮੀ ਹੋਏ।
ਦੂਜੇ ਪਾਸੇ ਹਰਿਆਣਾ ਵਿਚ ਸਾਲ 2021 ਵਿਚ 10,049 ਸੜਕ ਦੁਰਘਟਨਾਵਾਂ ਦਰਜ ਕੀਤੀਆਂ ਗਈਆਂ, ਜਦਕਿ 2022 ਵਿਚ ਇਹ ਅੰਕੜਾ ਮਾਮੂਲੀ ਵਧ ਕੇ 10,654 ਹੋ ਗਿਆ ਸੀ। ਹਰਿਆਣਾ ਵਿਚ ਸਾਲ 2021 ਵਿਚ 4,983 ਲੋਕਾਂ ਦੀ ਮੌਤ ਹੋਈ, ਜਦੋਂਕਿ 2022 ਵਿਚ ਇਹ ਅੰਕੜਾ 5,228 ਸੀ। ਹਾਦਸਿਆਂ ਕਾਰਨ ਦੋ ਸਾਲਾਂ ਵਿਚ ਕ੍ਰਮਵਾਰ 7,972 ਅਤੇ 8,353 ਲੋਕ ਜ਼ਖ਼ਮੀ ਹੋਏ।