#PUNJAB

ਪੰਜਾਬ ‘ਚ 12 ਸਾਲਾਂ ‘ਚ ਪਹਿਲੀ ਵਾਰ ਪੂਰਾ ਜਨਵਰੀ ਮਹੀਨਾ ਸੁੱਕਾ ਹੀ ਨਿਕਲ ਗਿਆ

ਚੰਡੀਗੜ੍ਹ, 27 ਜਨਵਰੀ (ਪੰਜਾਬ ਮੇਲ)- ਪੰਜਾਬ ‘ਚ ਅਜਿਹਾ 12 ਸਾਲਾਂ ‘ਚ ਪਹਿਲੀ ਵਾਰ ਹੋਇਆ ਹੈ ਕਿ ਪੂਰਾ ਜਨਵਰੀ ਮਹੀਨਾ ਸੁੱਕਾ ਹੀ ਨਿਕਲ ਗਿਆ ਹੈ ਅਤੇ ਹੁਣ ਤੱਕ ਮੀਂਹ ਦੀ ਇਕ ਬੂੰਦ ਵੀ ਨਹੀਂ ਡਿੱਗੀ। ਮੌਸਮ ਵਿਭਾਗ ਦੇ ਮੁਤਾਬਕ 31 ਜਨਵਰੀ ਤੱਕ ਵੀ ਮੀਂਹ ਦੇ ਕੋਈ ਆਸਾਰ ਨਹੀਂ ਹਨ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਭਾਵੇਂ ਹੀ 4 ਵਾਰ ਵੈਸਟਰਨ ਡਿਸਟਰਬੈਂਸ ਬਣ ਚੁੱਕੇ ਹਨ ਪਰ ਇਹ ਸਾਰੇ ਕਮਜ਼ੋਰ ਨਿਕਲੇ, ਜਿਸ ਕਾਰਨ ਮੀਂਹ ਨਹੀਂ ਪਿਆ।
ਖ਼ੁਸ਼ਕ ਮੌਸਮ ਕਾਰਨ ਸੰਘਣੀ ਧੁੰਦ ਲਗਾਤਾਰ ਪੈ ਰਹੀ ਹੈ ਅਤੇ ਇਸ ਕਾਰਨ ਕੋਲਡ ਡੇਅ ਦੀ ਸਥਿਤੀ ਐਲਾਨੀ ਗਈ ਹੈ। ਹਾਲਾਂਕਿ ਸ਼ੁੱਕਰਵਾਰ ਅਤੇ ਸ਼ਨੀਵਾਰ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਧੁੱਪ ਨਿਕਲਣ ਕਾਰਨ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਥੋੜ੍ਹੀ ਰਾਹਤ ਜ਼ਰੂਰ ਮਿਲੀ ਹੈ। ਮੌਸਮ ਵਿਭਾਗ ਦੇ ਮੁਤਾਬਕ ਅਗਲੇ 2 ਦਿਨ ਧੁੰਦ ਪੈ ਸਕਦੀ ਹੈ ਅਤੇ ਦਿਨ ‘ਚ ਧੁੱਪ ਨਿਕਲਣ ਕਾਰਨ ਲੋਕਾਂ ਨੂੰ ਠੰਡ ਤੋਂ ਕੁੱਝ ਰਾਹਤ ਮਿਲੇਗੀ।
ਜਦੋਂ ਠੰਡੀਆਂ ਹਵਾਵਾਂ ਚੱਲਦੀਆਂ ਹਨ ਤਾਂ ਤਾਪਮਾਨ ਤੇਜ਼ੀ ਨਾਲ ਘੱਟਦਾ ਹੈ। ਇਸ ਨੂੰ ਸੀਤ ਲਹਿਰ ਮਤਲਬ ਕਿ ਕੋਲਡ ਵੇਵ ਕਿਹਾ ਜਾਂਧਾ ਹੈ। ਇਸ ‘ਚ ਘੱਟੋ-ਘੱਟ ਤਾਪਮਾਨ 10 ਡਿਗਰੀ ਤੋਂ 4-5 ਡਿਗਰੀ ਹੇਠਾਂ ਚਲਾ ਜਾਂਧਾ ਹੈ। ਇਸ ਨਾਲ ਖੂਨ ਦਾ ਦੌਰਾ ਹੌਲੀ ਹੋ ਜਾਂਦਾ ਹੈ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸਰੀਰ ਨੂੰ ਆਉਂਦੀਆਂ ਹਨ।