#PUNJAB

ਪੰਜਾਬ ‘ਚ 1 ਜੂਨ ਨੂੰ ਹੋ ਰਹੀਆਂ ਚੋਣਾਂ ਲਈ ਤਿਆਰੀਆਂ ਮੁਕੰਮਲ

ਮੁੱਖ ਚੋਣ ਅਫ਼ਸਰ ਵੱਲੋਂ ਵੋਟਰਾਂ ਨੂੰ ”ਇਸ ਵਾਰ 70 ਪਾਰ” ਦੀ ਪ੍ਰਾਪਤੀ ਲਈ 1 ਜੂਨ ਨੂੰ ਹੁੰਮ-ਹੁਮਾ ਕੇ ਚੋਣ ਬੂਥਾਂ ‘ਤੇ ਜਾਣ ਦੀ ਅਪੀਲ
– ਬੂਥਾਂ ‘ਤੇ ਲੂ ਪ੍ਰਬੰਧਨ ਲਈ ਢੁੱਕਵੇਂ ਉਪਾਅ
ਐੱਸ.ਏ.ਐੱਸ. ਨਗਰ, 29 ਮਈ (ਪੰਜਾਬ ਮੇਲ)- ਪੰਜਾਬ ‘ਚ 1 ਜੂਨ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.), ਸਿਬਿਨ ਸੀ ਵੱਲੋਂ ਇਨ੍ਹਾਂ ਚੋਣਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਮੁੱਖ ਅਫਸਰਾਂ ਅਤੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਸੁਰੱਖਿਆ ਕਰਮੀਆਂ ਦੀ ਗਸ਼ਤ ਵੀ ਵਧਾ ਦਿੱਤੀ ਗਈ ਹੈ।
ਮੁੱਖ ਚੋਣ ਅਧਿਕਾਰੀ ਵੱਲੋਂ ਵੋਟਰਾਂ ਨੂੰ ਸੂਬੇ ਚ ”ਇਸ ਵਾਰ 70 ਪਾਰ” ਦੇ ਟੀਚੇ ਨੂੰ ਪ੍ਰਾਪਤ ਕਰਨ ਲਈ 1 ਜੂਨ ਨੂੰ ਪੂਰੇ ਜੋਸ਼ ਨਾਲ ਪੋਲਿੰਗ ਬੂਥਾਂ ‘ਤੇ ਜਾਣ ਲਈ ਅਪੀਲ ਵੀ ਕੀਤੀ ਹੈ।
ਐਤਵਾਰ ਸਵੇਰੇ ਸਥਾਨਕ ਕਮਿਊਨਿਟੀ ਕਲੱਬਾਂ ਅਤੇ ਗੈਰ-ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਆਯੋਜਿਤ ਇੱਕ ਵਾਕਾਥਨ ਨੂੰ ਬੋਗਨਵਿਲੀਆ ਗਾਰਡਨ, ਫੇਜ਼ 4, ਮੋਹਾਲੀ ਤੋਂ ਹਰੀ ਝੰਡੀ ਦਿਖਾਉਂਦੇ ਹੋਏ, ਸੀ.ਈ.ਓ. ਸਿਬਿਨ ਸੀ ਨੇ ਕਿਹਾ ਕਿ ਵਾਕਾਥਨ ਦਾ ਉਦੇਸ਼ ਚੋਣਾਂ ਵਿਚ ਸਰਗਰਮ ਭਾਗੀਦਾਰੀ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਹੈ। ਇਸ ਪ੍ਰੋਗਰਾਮ ਵਿਚ ਸਮਾਜ ਦੇ ਵੱਖ-ਵੱਖ ਖੇਤਰਾਂ ਦੇ ਭਾਗੀਦਾਰ ਸ਼ਾਮਲ ਹੋਏ, ਜਿਨ੍ਹਾਂ ਨੇ ਇਸ ਨੂੰ ਸਿਸਟਮੈਟਿਕ ਵੋਟਰ ਐਜੂਕੇਸ਼ਨ ਅਤੇ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਗਤੀਵਿਧੀ ਦੇ ਹਿੱਸੇ ਵਜੋਂ ਲੋਕਾਂ ਨਾਲ ਜੁੜਨ ਅਤੇ ਉਨ੍ਹਾਂ ਨੂੰ ਵੋਟ ਪਾਉਣ ਲਈ ਪ੍ਰੇਰਿਆ।
ਵਾਕਾਥਨ ਵਿਚ ਵੋਟਿੰਗ ਅਤੇ ਗ੍ਰੀਨ ਚੋਣਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਗਿਆ, ਜਿਸ ਵਿਚ ਭਾਗ ਲੈਣ ਵਾਲਿਆਂ ਨੇ ਹਰੇ ਰੰਗ ਦੀਆਂ ਟੀ-ਸ਼ਰਟਾਂ ਅਤੇ ਟੋਪੀਆਂ ਪਹਿਨੀਆਂ ਹੋਈਆਂ ਸਨ, ਜਿਨ੍ਹਾਂ ‘ਤੇ ‘ਸਾਡਾ ਮਿਸ਼ਨ-ਗ੍ਰੀਨ ਚੋਣ’ ਨਾਅਰਾ ਲਿਖਿਆ ਸੀ। ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਵੱਲੋਂ ਗ੍ਰੀਨ ਚੋਣਾਂ ਦੇ ਸੰਦੇਸ਼ ਨੂੰ ਪ੍ਰਫੁੱਲਤ ਕਰਨ ਲਈ ਭਾਗ ਲੈਣ ਵਾਲਿਆਂ ਨੂੰ ਬੂਟੇ ਵੀ ਵੰਡੇ ਗਏ। ਸੀ.ਈ.ਓ. ਸਿਬਿਨ ਸੀ ਨੇ ਗ੍ਰੀਨ ਚੋਣ ਸੁਨੇਹੇ ਨੂੰ ਦਰਸਾਉਣ ਲਈ ਬੋਗਨਵਿਲੀਆ ਗਾਰਡਨ ਵਿਚ ਇੱਕ ਬੂਟਾ ਵੀ ਲਗਾਇਆ। ਇਸ ਮੌਕੇ ਉਨ੍ਹਾਂ ਨੇ ਹਰੇ ਰੰਗ ਦੀਆਂ ਟੀ-ਸ਼ਰਟਾਂ ਅਤੇ ਕੈਪਸ ਵੀ ਲਾਂਚ ਕੀਤੀਆਂ।
ਸੀ.ਈ.ਓ. ਨੇ ਕਿਹਾ ਕਿ ਮੁਹਾਲੀ ਅਤੇ ਬਾਕੀ ਸਾਰੇ ਜ਼ਿਲ੍ਹੇ ਵੋਟਾਂ ਲਈ ਤਿਆਰ ਹਨ ਅਤੇ ਮਤਦਾਨ ਵਿਚ ਇੱਕ ਹਫ਼ਤੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ। ਮਤਦਾਨ ਵਧਾਉਣ ਅਤੇ ਵਧੇਰੇ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ, ਵੋਟਿੰਗ ਅਧਿਕਾਰਾਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਵੱਖ-ਵੱਖ ਸਾਧਨਾਂ ਰਾਹੀਂ ਲੋਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਸਵੀਪ ਗਤੀਵਿਧੀਆਂ ਜਾਰੀ ਹਨ।
ਬਿਰਧ ਵੋਟਰਾਂ ਅਤੇ ਦਿਵਿਆਂਗ ਮਤਦਾਤਾਵਾਂ ਲਈ, ਹੋਮ ਵੋਟ (85 ਸਾਲ ਤੋਂ ਵਧੇਰੇ ਅਤੇ ਦਿਵਿਆਂਗਜਨ ਲਈ) ਨਾਮਕ ਇੱਕ ਨਵੀਂ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਉਨ੍ਹਾਂ ਨੂੰ ਘਰ ਤੋਂ ਹੀ ਵੋਟ ਪਾਉਣ ਦਾ ਮੌਕਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਮੋਬਾਈਲ ਐਪ ਸਕਸ਼ਮ ਬਜ਼ੁਰਗਾਂ ਅਤੇ ਪੀ.ਡਬਲਯੂ.ਡੀ. (ਦਿਵਿਆਂਗ) ਵੋਟਰਾਂ ਲਈ ਟਰਾਂਸਪੋਰਟ ਸਹੂਲਤਾਂ ਪ੍ਰਾਪਤ ਕਰਨ ਦੇ ਨਾਲ-ਨਾਲ ਚੋਣ ਬੂਥਾਂ ‘ਤੇ ਵਾਲੰਟੀਅਰਾਂ ਦੀ ਮਦਦ ਅਤੇ ਵ੍ਹੀਲਚੇਅਰ ਹਾਸਲ ਕਰਨ ‘ਚ ਮਦਦਗਾਰ ਹੈ।
ਉਨ੍ਹਾਂ ਕਿਹਾ ਕਿ ਰਾਜ ਦੇ ਵੋਟਰਾਂ ਦਾ ਲਗਭਗ 49 ਪ੍ਰਤੀਸ਼ਤ ਔਰਤਾਂ ਹਨ, ਇਸ ਲਈ ਬੱਚਿਆਂ ਲਈ ਕ੍ਰੈਚ, ਵੇਟਿੰਗ ਏਰੀਆ, ਗਰਮੀ ਦੀ ਸਥਿਤੀ ਨਾਲ ਨਜਿੱਠਣ ਲਈ ਏ.ਸੀ./ਕੂਲਰ/ਪੱਖੇ, ਪਖਾਨੇ ਅਤੇ ਹੋਰ ਯਕੀਨੀ ਘੱਟੋ-ਘੱਟ ਸਹੂਲਤਾਂ ਦਾ ਪ੍ਰਬੰਧ ਕਰਕੇ ਉਨ੍ਹਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਰੈਪੀਡੋ ਨੇ ਵੋਟਰਾਂ ਨੂੰ ਬੂਥਾਂ ਤੱਕ ਪਹੁੰਚਾਉਣ ਲਈ ਆਪਣੀਆਂ ਮੁਫਤ ਸੇਵਾਵਾਂ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੇ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਸਵੀਪ ਤਹਿਤ ਕੀਤੀਆਂ ਜਾ ਰਹੀਆਂ ਜਾਗਰੂਕਤਾ ਗਤੀਵਿਧੀਆਂ ਵਿਚ ਮੀਡੀਆ ਦੇ ਸਹਿਯੋਗ ਦਾ ਵਿਸ਼ੇਸ਼ ਧੰਨਵਾਦ ਕੀਤਾ।