#AMERICA

ਪੰਜਾਬ ‘ਚ ਹੋ ਰਹੀ ਹਿੰਸਾ ਦੀ ਅਮਰੀਕਾ ਦੇ ਉੱਘੇ ਸਿੱਖ ਅਟਾਰਨੀ ਜਸਪ੍ਰੀਤ ਸਿੰਘ ਵਲੋਂ ਕਰੜੇ ਸ਼ਬਦਾਂ ਵਿਚ ਨਿੰਦਾ

ਨਿਊਯਾਰਕ, 10 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਪ੍ਰਸਿੱਧ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਵਲੋਂ ਪੰਜਾਬ ਵਿਚ ਹੋ ਰਹੀ ਹਿੰਸਾ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਅਟਾਰਨੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਕਿਸੇ ਵੀ ਧਰਮ ਦੇ ਖਿਲਾਫ ਹੋਈ ਹਿੰਸਾ ਦੀ ਅਸੀਂ ਘੋਰ ਨਿੰਦਾ ਕਰਦੇ ਹਾਂ। ਜਸਪ੍ਰੀਤ ਸਿੰਘ ਅਟਾਰਨੀ ਨੇ ਉਨ੍ਹਾਂ ਦੁਆਰਾ ਚੁੱਕੇ ਕਦਮਾਂ ਪ੍ਰਤੀ ਲੋਕਾਂ ਦੀ ਸ਼ਲਾਘਾ ਅਤੇ ਉਨ੍ਹਾਂ ਨੂੰ ਦੁਨੀਆਂ ਭਰ ਵਿਚੋਂ ਭਰਵਾਂ ਹੁੰਗਾਰਾ ਮਿਲਣ ‘ਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਸਿੱਖ ਭਾਈਚਾਰੇ ਅਤੇ ਹੋਰ ਲੋਕਾਂ ਦੁਆਰਾ ਉਨ੍ਹਾਂ ਦੇ ਇਸ ਕਦਮ ਨੂੰ ਬਹੁਤ ਸਰਾਹਿਆ ਗਿਆ ਹੈ। ਜਸਪ੍ਰੀਤ ਸਿੰਘ ਅਟਾਰਨੀ ਨੇ ਕਿਹਾ ਕਿ ਉਨ੍ਹਾਂ ਦੀ ਹਮੇਸ਼ਾਂ ਹੀ ਕੋਸ਼ਿਸ਼ ਹੁੰਦੀ ਹੈ ਕਿ ਵਿਸ਼ਵ ਵਿਚ ਜਿੱਥੇ ਵੀ ਕਿਸੇ ਵੀ ਸਮਾਜ, ਭਾਈਚਾਰੇ ਜਾਂ ਵਿਅਕਤੀ ਵਿਸ਼ੇਸ਼ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਜਾਂ ਉਲੰਘਣਾ ਹੋਵੇਗੀ, ਉਹ ਉਸ ਦਾ ਵਿਰੋਧ ਕਰਨਗੇ। ਭਾਵੇਂ ਅਮਰੀਕਾ ਵਿਚ ਵੀ ਜੇਕਰ ਸਿੱਖਾਂ ਪ੍ਰਤੀ ਜਾਂ ਕਿਸੇ ਹੋਰ ਧਰਮ ਦੇ ਨਾਲ ਸੰਬੰਧੀ ਕੋਈ ਵੀ ਮਨੁੱਖੀ ਅਧਿਕਾਰਾਂ ਜਾਂ ਨਸਲਕੁਸ਼ੀ ਦਾ ਮਸਲਾ ਸਾਹਮਣੇ ਆਉਂਦਾ ਹੈ, ਤਾਂ ਮੈਂ ਉਸ ਦੇ ਖਿਲਾਫ ਆਵਾਜ਼ ਚੁੱਕਦਾ ਹਾਂ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ‘ਤੇ ਪਹਿਲੀ ਵਾਰ ਅਜਿਹਾ ਮਸਲਾ ਉਨ੍ਹਾਂ ਦੇ ਸਾਹਮਣੇ ਆਇਆ ਸੀ ਅਤੇ ਉਨ੍ਹਾਂ ਨੇ ਇਸ ਸੰਬੰਧੀ ਮੁੱਦਾ ਚੁੱਕਿਆ। ਅਮਰੀਕਾ ਵਿਚ ਰਹਿੰਦੇ ਸਾਰੇ ਭਾਰਤੀ ਐੱਨ.ਆਰ.ਆਈ. ਭਰਾਵਾਂ ਜਿਨ੍ਹਾਂ ਵਿਚ ਸਿੱਖ ਅਤੇ ਹਿੰਦੂ ਭਾਈਚਾਰਾ ਸ਼ਾਮਲ ਹੈ, ਇੱਥੋਂ ਦੇ ਸਾਰੇ ਹੀ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਕਮੇਟੀ ਮੈਂਬਰਾਂਨ ਅਤੇ ਇੱਥੇ ਵਸਦੇ ਉਨ੍ਹਾਂ ਦੇ ਹੋਰ ਕਲਾਇੰਟ, ਸਭ ਹੀ ਚਾਹੁੰਦੇ ਸਨ ਕਿ ਇਸ ਮੁੱਦੇ ਨੂੰ ਅੱਗੇ ਲਿਆਂਦਾ ਜਾਵੇ। ਜਸਪ੍ਰੀਤ ਸਿੰਘ ਅਟਰਾਨੀ ਨੇ ਕਿਹਾ ਕਿ ਪਹਿਲਾਂ ਵੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਬਾਰੇ ਬੇਨਤੀ ਕੀਤੀ ਗਈ ਸੀ ਅਤੇ ਹੁਣ ਵੀ ਉਹ ਇਹੀ ਬੇਨਤੀ ਕਰਦੇ ਹਨ ਕਿ ਭਾਈ ਅੰਮ੍ਰਿਤਪਾਲ ਸਿੰਘ ਉੱਪਰ ਲਗਾਏ ਗਏ ਇਲਜ਼ਾਮ ਬਿਲਕੁਲ ਗਲਤ ਹਨ, ਉਨ੍ਹਾਂ ਉੱਪਰ ਲਗਾਏ ਕਈ ਇਲਜ਼ਾਮ ਬੇਲ-ਏਬਲ ਅਫੈਂਸ ਹਨ, ਜਿਨ੍ਹਾਂ ਉੱਪਰ ਐੱਨ.ਐੱਸ.ਏ. ਲਗਾਉਣੀ ਸਹੀ ਨਹੀਂ ਬਣਦੀ। ਸੰਵਿਧਾਨ ਦੀ ਸਹੁੰ ਚੁੱਕਣ ਤੇ ਜੇਲ੍ਹ ਵਿਚ ਕੈਦ ਕਿਸੇ ਵੀ ਵਿਅਕਤੀ ਦਾ ਇਹ ਅਧਿਕਾਰ ਬਣਦਾ ਹੈ ਕਿ ਉਹ ਬਾਹਰ ਆ ਕੇ ਉਨ੍ਹਾਂ ਲੋਕਾਂ ਦੀ ਸੇਵਾ ਕਰ ਸਕੇ, ਜਿਨ੍ਹਾਂ ਨੇ ਉਸ ਨੂੰ ਵੋਟਾਂ ਪਾ ਕੇ ਚੁਣ ਕੇ ਆਪਣਾ ਨੁਮਾਇੰਦਾ ਬਣਾਇਆ ਹੈ। ਜਸਪ੍ਰੀਤ ਸਿੰਘ ਅਟਾਰਨੀ ਨੇ ਕਿਹਾ ਕਿ ਮੈਂ ਅੱਗੇ ਤੋਂ ਵੀ ਅਜਿਹੇ ਮੁੱਦਿਆਂ ਸੰਬੰਧੀ ਆਵਾਜ਼ ਚੁੱਕਦਾ ਰਹਾਂਗਾ।