#PUNJAB

ਪੰਜਾਬ ‘ਚ ਲੱਗੇ ਭੂਚਾਲ ਦੇ ਝਟਕੇ

ਜਲੰਧਰ, 4 ਅਪ੍ਰੈਲ (ਪੰਜਾਬ ਮੇਲ)- ਪੰਜਾਬ ‘ਚ ਅੱਜ ਰਾਤ ਕਰੀਬ 9.40 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪੰਜਾਬ ਦੇ ਕਈ ਇਲਾਕਿਆਂ ਤੋਂ ਭੂਚਾਲ ਕਾਰਨ ਲੋਕ ਘਬਰਾ ਕੇ ਆਪਣੇ ਘਰਾਂ ਤੋਂ ਬਾਹਰ ਆ ਗਏ। ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਤੇ ਲੱਦਾਖ ਤੋਂ ਵੀ ਭੂਚਾਲ ਆਉਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।
ਪੰਜਾਬ ਦੇ ਜਲੰਧਰ, ਗੁਰਦਾਸਪੁਰ, ਲੁਧਿਆਣਾ, ਬਟਾਲਾ, ਹੁਸ਼ਿਆਰਪੁਰ ਆਦਿ ਇਲਾਕਿਆਂ ਤੋਂ ਵੀ ਭੂਚਾਲ ਦੇ ਝਟਕੇ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਭੂਚਾਲ ਦੀ ਤੀਬਰਤਾ 5.3 ਰਹੀ। ਇਸ ਭੂਚਾਲ ਦੇ ਝਟਕੇ ਪੰਜਾਬ-ਹਿਮਾਚਲ ਹੀ ਨਹੀਂ, ਸਗੋਂ ਗੁਆਂਢੀ ਮੁਲਕ ਪਾਕਿਸਤਾਨ ‘ਚ ਵੀ ਮਹਿਸੂਸ ਕੀਤੇ ਗਏ। ਇਸ ਭੂਚਾਲ ਦਾ ਕੇਂਦਰ ਬਿੰਦੂ ਹਿਮਾਚਲ ਦਾ ਚੰਬਾ ਦੱਸਿਆ ਜਾ ਰਿਹਾ ਹੈ ਤੇ ਧਰਤੀ ਤੋਂ ਕਰੀਬ 10 ਕਿਲੋਮੀਟਰ ਹੇਠਾਂ ਤੋਂ ਇਸ ਦੀ ਉਤਪਤੀ ਹੋਈ ਸੀ। ਇਸ ਕਾਰਨ ਇਸ ਦੇ ਝਟਕੇ ਕਾਫ਼ੀ ਵੱਡੇ ਇਲਾਕੇ ‘ਚ ਮਹਿਸੂਸ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜਾਪਾਨ ਅਤੇ ਤਾਇਵਾਨ ‘ਚ ਵੀ ਭੂਚਾਲ ਆਇਆ ਸੀ, ਜਿਸ ਕਾਰਨ ਭਾਰੀ ਨੁਕਸਾਨ ਹੋਇਆ ਸੀ। ਤਾਈਵਾਨ ‘ਚ ਆਏ ਭੂਚਾਲ ਕਾਰਨ ਜਿੱਥੇ ਕਈ ਲੋਕਾਂ ਨੇ ਆਪਣੀ ਜਾਨ ਗੁਆਈ ਸੀ, ਉੱਥੇ ਹੀ ਕਈ ਇਮਾਰਤਾਂ ਵੀ ਟੇਢੀਆਂ ਹੋ ਗਈਆਂ ਸਨ। ਇਸ ਕਾਰਨ ਭੂਚਾਲ ਦਾ ਨਾਂ ਸੁਣਦਿਆਂ ਹੀ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਛਾ ਜਾਂਦਾ ਹੈ।