#PUNJAB

ਪੰਜਾਬ ‘ਚ ਲੰਬੀ Election ਪ੍ਰਕਿਰਿਆ ਕਾਰਨ ਦਲ ਬਦਲੀ ਨੂੰ ਮਿਲ ਰਿਹੈ ਹੁਲਾਰਾ

– ਕਈ ਲੀਡਰ ਪਾਰਟੀ ਬਦਲਣ ਦੀ ਤਿਆਰੀ ‘ਚ
– ਸਿਆਸੀ ਪਾਰਟੀਆਂ ਨੂੰ ਚੋਣਾਂ ਲੜਨ ਲਈ ਮਹਿਸੂਸ ਹੋ ਰਹੀ ਹੈ ਆਗੂਆਂ ਦੀ ਘਾਟ
ਜਲੰਧਰ, 24 ਅਪ੍ਰੈਲ (ਪੰਜਾਬ ਮੇਲ)- ਪੰਜਾਬ ਦੀ ਸਿਆਸਤ ‘ਚ ਅਜੇ ਹੋਰ ਟੁੱਟ-ਭੱਜ ਹੋਣੀ ਬਾਕੀ ਹੈ। ਪਿਛਲੇ ਇਕ ਹਫਤੇ ‘ਚ ਕਈ ਦਿੱਗਜ਼ ਆਗੂਆਂ ਨੇ ਆਪਣੀਆਂ-ਆਪਣੀਆਂ ਪਾਰਟੀਆਂ ਨੂੰ ਅਲਵਿਦਾ ਕਹਿੰਦੇ ਹੋਏ ਪਾਲਾ ਬਦਲ ਲਿਆ ਹੈ। ਪੰਜਾਬ ‘ਚ ਲੋਕ ਸਭਾ ਦੀਆਂ 13 ਸੀਟਾਂ ਲਈ ਵੋਟਾਂ 1 ਜੂਨ ਨੂੰ ਪੈਣੀਆਂ ਹਨ ਅਤੇ ਲੰਬੀ ਚੋਣ ਪ੍ਰਕਿਰਿਆ ਹੋਣ ਦੇ ਕਾਰਨ ਦਲ-ਬਦਲ ਨੂੰ ਲਗਾਤਾਰ ਹੁਲਾਰਾ ਮਿਲ ਰਿਹਾ ਹੈ। ਸਿਆਸੀ ਪਾਰਟੀਆਂ ਨੂੰ ਚੋਣਾਂ ਲੜਨ ਲਈ ਆਗੂਆਂ ਦੀ ਘਾਟ ਮਹਿਸੂਸ ਹੋ ਰਹੀ ਹੈ।
ਆਮ ਆਦਮੀ ਪਾਰਟੀ ਨੇ ਜਿਥੇ ਇਕ ਪਾਸੇ ਸਾਰੀਆਂ 13 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਤਾਂ ਉੱਥੇ ਹੀ ਵਿਰੋਧੀ ਪਾਰਟੀਆਂ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਅਜੇ ਵੀ ਉਮੀਦਵਾਰਾਂ ਦੀ ਚੋਣ ਕਰਨ ‘ਚ ਲੱਗੀਆਂ ਹੋਈਆਂ ਹਨ। ਇਸ ਸਮੇਂ ਸਭ ਤੋਂ ਵੱਧ ਸਿਆਸੀ ਧਮਾਕੇ ਕਾਂਗਰਸ ‘ਚ ਹੋ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵੀ ਲਗਾਤਾਰ ਵੱਖ-ਵੱਖ ਆਗੂਆਂ ਨੂੰ ਆਮ ਆਦਮੀ ਪਾਰਟੀ ‘ਚ ਲਿਆਉਣ ‘ਚ ਲੱਗੇ ਹੋਏ ਹਨ।
ਪੰਜਾਬ ‘ਚ ਚੋਣ ਨੋਟੀਫਿਕੇਸ਼ਨ ਮਈ ਦੇ ਪਹਿਲੇ ਹਫਤੇ ‘ਚ ਜਾਰੀ ਹੋਣਾ ਹੈ, ਜਿਸ ‘ਚ ਅਜੇ ਵੀ ਕਾਫੀ ਸਮਾਂ ਬਾਕੀ ਹੈ। ਇਸ ਲਈ ਸਿਆਸੀ ਹਲਕਿਆਂ ‘ਚ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀ ਸਿਆਸਤ ‘ਚ ਅਜੇ ਟੁੱਟ-ਭੱਜ ਦਾ ਕਾਰਜ ਬਾਕੀ ਹੈ ਅਤੇ ਇਸ ਲਈ ਵੱਖ-ਵੱਖ ਸਿਆਸੀ ਆਗੂ ਇਕ-ਦੂਜੇ ਨਾਲ ਸੰਪਰਕ ਕਰਨ ‘ਚ ਲੱਗੇ ਹੋਏ ਹਨ। ਕਿਹਾ ਜਾ ਰਿਹਾ ਹੈ ਕਿ ਕਾਂਗਰਸ ਦੇ ਇਕ-ਦੋ ਵੱਡੇ ਆਗੂ ਆਉਣ ਵਾਲੇ ਦਿਨਾਂ ‘ਚ ਪਾਲਾ ਬਦਲ ਸਕਦੇ ਹਨ। ਇਹ ਆਗੂ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਸੰਪਰਕ ‘ਚ ਦੱਸੇ ਜਾ ਰਹੇ ਹਨ।
ਸਿਆਸੀ ਹਲਕਿਆਂ ‘ਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਹੁਣ ਆਗੂਆਂ ਅੱਗੇ ਪੰਜਾਬ ‘ਚ ਕਾਫੀ ਬਦਲ ਮੌਜੂਦ ਹਨ। ਸੂਬੇ ‘ਚ ਇਸ ਸਮੇਂ ‘ਆਪ’, ਕਾਂਗਰਸ, ਭਾਜਪਾ, ਅਕਾਲੀ ਦਲ ਸਣੇ ਹੋਰ ਸਿਆਸੀ ਪਾਰਟੀਆਂ ਮੌਜੂਦ ਹਨ। ਇਸ ਲਈ ਜਿਸ ਆਗੂ ਨੂੰ ਟਿਕਟ ਨਹੀਂ ਮਿਲਦੀ, ਉਹ ਦੂਜੀ ਪਾਰਟੀ ‘ਚ ਚਲਿਆ ਜਾਂਦਾ ਹੈ। ਪਹਿਲੀ ਵਾਰ ਪੰਜਾਬ ਦੇ ਚੋਣ ਦ੍ਰਿਸ਼ ‘ਚ ਲੋਕਾਂ ਨੂੰ ਭਾਰੀ ਉਲਟਫੇਰ ਤੇ ਦਲ-ਬਦਲ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ, ਨਹੀਂ ਤਾਂ ਇਸ ਤੋਂ ਪਹਿਲਾਂ ਸਾਰੀਆਂ ਚੋਣਾਂ ਸ਼ਾਂਤਮਈ ਢੰਗ ਨਾਲ ਸੰਪੰਨ ਹੁੰਦੀਆਂ ਸਨ।