ਪਟਿਆਲਾ, 10 ਫਰਵਰੀ (ਪੰਜਾਬ ਮੇਲ)- ਪੰਜਾਬ ‘ਚ ਰਿਕਾਰਡ ਮੰਗ ਵਿਚਾਲੇ ਵੱਖ ਵੱਖ ਥਰਮਲ ਪਲਾਂਟਾਂ ਦੇ ਪੰਜ ਯੂਨਿਟ ਬੰਦ ਪੈ ਗਏ ਹਨ। ਇਸ ਨਾਲ 2050 ਮੇਗਾਵਾਟ ਬਿਜਲੀ ਉਤਪਾਦਨ ਠੱਪ ਪੈ ਗਈ ਹੈ। ਇਸ ਦੇ ਚੱਲਗਦੇ ਪਾਵਰਕਾਮ ਨੂੰ ਵੱਧ ਰਹੀ ਮੰਗ ਤੇ ਆਉਣ ਵਾਲੇ ਗਰਮੀ ਤੇ ਝੋਨੇ ਦੇ ਸੀਜ਼ਨ ਲਈ ਬੈਂਕਿੰਗ ਸਿਸਟਮ ਦੇ ਤਹਿਤ ਬਿਜਲੀ ਜਮਾਂ ਕਰਨ ਲਈ ਬਾਹਰ ਤੋਂ ਖਰੀਦ ਕਰਨੀ ਪੈ ਰਹੀ ਹੈ। ਪ੍ਰਾਪਤ ਅੰਕੜਿਆਂ ਮੁਤਾਬਕ ਪਾਵਰਕਾਮ ਨੇ ਲਗਭਗ 70 ਕਰੋੜ ਦੀ ਬਿਜਲੀ ਇਕ ਦਿਨ ਵਿਚ ਹੀ ਖਰੀਦੀ ਹੈ। ਇਸ ਨਾਲ ਪਾਵਰਕਾਮ ਲਈ ਆਰਥਿਕ ਬੋਝ ਵੱਧ ਸਕਦਾ ਹੈ।
ਪੰਜਾਬ ਵਿਚ ਬਿਜਲੀ ਮੰਗ ਲਗਾਤਾਰ ਵੱਧ ਰਹੀ ਹੈ। ਸ਼ੁਕਵਾਰ ਨੂੰ ਪੰਜਾਬ ਵਿਚ ਬਿਜਲੀ ਦੀ ਮੰਗ ਬੀਤੇ ਦੋ ਸਾਲਾਂ ਤੋਂ ਇਸੇ ਦਿਨ ਰਿਕਾਰਡ ਕੀਤੀ ਗਈ ਮੰਗ ਦੇ ਮੁਕਾਬਲੇ ਕਾਫੀ ਜ਼ਿਆਦਾ ਰਹੀ। ਮੰਨਿਆ ਜਾ ਰਿਹਾ ਹੈ ਕਿ 300 ਯੂਨਿਟ ਮੁਫਤ ਹੋਣ ਦੇ ਚੱਲਦੇ ਸਰਦੀਆਂ ਵਿਚ ਡਿਮਾਂਡ ਲਗਾਤਾਰ ਵੱਧ ਰਹੀ ਹੈ। ਅੰਕੜਿਆਂ ਮੁਤਾਬਕ ਪਿਛਲੇ ਤਿੰਨ ਸਾਲਾਂ ਵਿਚ 9 ਫਰਵਰੀ ਵਾਲੇ ਦਿਨ ਦੀ ਮੰਗ 2022 ਵਿਚ 6532 ਮੈਗਾਵਾਟ, 2023 ਵਿਚ 8153 ਮੇਗਾਵਾਟ ਜਦਕਿ 2024 ਵਿਚ 8713 ਮੇਗਾਵਾਟ ਰਿਕਾਰਡ ਕੀਤੀ ਗਈ ਹੈ।