#PUNJAB

ਪੰਜਾਬ ‘ਚ ਮੌਸਮ ਵਿਭਾਗ ਵੱਲੋਂ ‘Cold Day’ ਦਾ Alert ਜਾਰੀ

-ਹੱਡ ਚੀਰਵੀਂ ਠੰਡ ਵਿਚਾਲੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ
ਚੰਡੀਗੜ੍ਹ, 3 ਜਨਵਰੀ (ਪੰਜਾਬ ਮੇਲ)- ਪੰਜਾਬ ‘ਚ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਕਾਰਨ ਲੋਕ ਆਪਣੇ ਘਰਾਂ ‘ਚ ਬੈਠਣ ਲਈ ਮਜਬੂਰ ਹਨ। ਇਸ ਦੌਰਾਨ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ‘ਚ ਅਜੇ ਧੁੰਦ ਅਤੇ ਹੱਡ ਚੀਰਵੀਂ ਠੰਡ ਦਾ ਕਹਿਰ ਜਾਰੀ ਰਹੇਗਾ। ਵਿਭਾਗ ਵੱਲੋਂ ਬੁੱਧਵਾਰ ਤੋਂ 4 ਦਿਨਾਂ ਤੱਕ ਸੰਘਣੀ ਧੁੰਦ ਅਤੇ ਕੋਲਡ ਡੇਅ ਦਾ ਅਲਰਟ ਜਾਰੀ ਕੀਤਾ ਹੈ। ਹਾਲਾਂਕਿ ਪੰਜਾਬ ‘ਚ ਮੌਸਮ ਖ਼ੁਸ਼ਕ ਰਹੇਗਾ ਅਤੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।
ਇਸ ਦੌਰਾਨ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਲੋਕਾਂ ਨੂੰ ਆਪਣਾ ਧਿਆਨ ਰੱਖਣਾ ਪਵੇਗਾ। ਵਿਭਾਗ ਨੇ ਲੋਕਾਂ ਨੂੰ ਹੌਲੀ ਗੱਡੀ ਚਲਾਉਣ ਅਤੇ ਪੈਦਲ ਚੱਲਣ ਆਦਿ ਤੋਂ ਬਚਣ ਦੀ ਸਲਾਹ ਦਿੱਤੀ ਹੈ। ਵਿਭਾਗ ਵੱਲੋਂ ਧੁੰਦ ਤੋਂ ਬਚਣ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਅਤੇ ਬਹੁਤ ਜ਼ਰੂਰੀ ਹੋਣ ‘ਤੇ ਹੀ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਧੁੰਦ ਦਾ ਸਿੱਧਾ ਅਸਰ ਫੇਫੜਿਆਂ, ਅਤੇ ਅੱਖਾਂ ‘ਤੇ ਪੈ ਰਿਹਾ ਹੈ, ਜੋ ਕਿ ਹਾਨੀਕਾਰਕ ਹੈ।
ਵਿਭਾਗ ਦੇ ਮੁਤਾਬਕ 5 ਜਨਵਰੀ ਤੋਂ ਬਾਅਦ ਮੌਸਮ ‘ਚ ਬਦਲਾਅ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਵਿਭਾਗ ਵੱਲੋਂ ਪੰਜਾਬ ਦੇ ਪਠਾਨਕੋਟ, ਰੋਪੜ, ਐੱਸ.ਏ.ਐੱਸ. ਨਗਰ, ਫਾਜ਼ਿਲਕਾ, ਮੁਕਤਸਰ ਸਾਹਿਬ, ਫਰੀਦਕੋਟ, ਸੰਗਰੂਰ ਜ਼ਿਲ੍ਹਿਆਂ ‘ਚ ਯੈਲੋ ਅਲਰਟ, ਜਦੋਂ ਕਿ ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਸਮੇਤ ਕਈ ਜ਼ਿਲ੍ਹਿਆਂ ‘ਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਮੁਤਾਬਕ ਸੀਤ ਲਹਿਰ ਤੋਂ ਅਜੇ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ।