#PUNJAB

ਪੰਜਾਬ ‘ਚ ਮੌਸਮ ਵਿਭਾਗ ਵੱਲੋਂ ‘ਯੈਲੋ ਅਲਰਟ’ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ ਤੇ ਹੋਵੇਗੀ ਬਾਰਿਸ਼

ਜਲੰਧਰ, 12 ਮਈ (ਪੰਜਾਬ ਮੇਲ)-ਹਿਮਾਚਲ, ਹਰਿਆਣਾ ਅਤੇ ਪੰਜਾਬ ਵਿਚ ਬਾਰਿਸ਼ ਕਾਰਨ ਮੌਸਮ ਵਿਚ ਕਾਫ਼ੀ ਬਦਲਾਅ ਹੋਇਆ ਹੈ, ਜਿਸ ਨਾਲ ਭਿਆਨਕ ਗਰਮੀ ਤੋਂ ਰਾਹਤ ਮਿਲੀ ਹੈ। ਕਈ ਇਲਾਕਿਆਂ ਵਿਚ ਤੇਜ਼ ਬਾਰਿਸ਼ ਕਾਰਨ ਤਾਪਮਾਨ ਵਿਚ 5-6 ਡਿਗਰੀ ਦੀ ਵੱਡੀ ਗਿਰਾਵਟ ਦਰਜ ਹੋਈ ਹੈ। ਮੌਸਮ ਵਿਭਾਗ ਵੱਲੋਂ ਜਾਰੀ ਸੂਚਨਾ ਮੁਤਾਬਕ 12 ਮਈ ਨੂੰ ਯੈਲੋ ਅਲਰਟ ਰਹੇਗਾ ਅਤੇ ਮੱਧ ਤੋਂ ਤੇਜ਼ ਬਾਰਿਸ਼ ਹੋਣ ਦੇ ਨਾਲ-ਨਾਲ ਹਨੇਰੀ ਆਉਣ ਦੀ ਵੱਡੀ ਸੰਭਾਵਨਾ ਹੈ। ਇਸੇ ਸਿਲਸਿਲੇ ਵਿਚ ਸ਼ੁੱਕਰਵਾਰ ਦੇਰ ਰਾਤ ਪੰਜਾਬ ਸਮੇਤ ਗੁਆਂਢੀ ਸੂਬਿਆਂ ਦੇ ਵੱਖ-ਵੱਖ ਇਲਾਕਿਆਂ ਵਿਚ ਤੇਜ਼ ਬਾਰਿਸ਼ ਨੇ ਦਸਤਕ ਦਿੱਤੀ। ਹਿਮਾਚਲ ਦੇ ਸ਼ਿਮਲਾ ਵਿਚ 2.2 ਐੱਮ. ਐੱਮ., ਸੁੰਦਰਨਗਰ 1.2, ਬੁੰਤਰ 8.6, ਊਨਾ 18.8, ਮਨਾਲੀ 1.1 ਅਤੇ ਜੁਬੇਰਹੱਟੀ ਵਿਚ 10.5 ਐੱਮ. ਐੱਮ. ਬਾਰਿਸ਼ ਰਿਕਾਰਡ ਕੀਤੀ ਗਈ। ਇਸੇ ਤਰ੍ਹਾਂ ਨਾਲ ਹਿਮਾਚਲ ਦੇ ਸਿਰਸਾ ਵਿਚ 5 ਐੱਮ. ਐੱਮ. ਤਕ ਵੱਧ ਤੋਂ ਵੱਧ ਬਾਰਿਸ਼ ਦਰਜ ਹੋਈ ਹੈ। ਪੰਜਾਬ ਦੇ ਬਠਿੰਡਾ, ਜਲੰਧਰ, ਹੁਸ਼ਿਆਰਪੁਰ ਸਮੇਤ ਗੁਆਂਢੀ ਸ਼ਹਿਰਾਂ ਵਿਚ ਬਾਰਿਸ਼ ਨੇ ਮੌਸਮ ਨੂੰ ਸੁਹਾਵਣਾ ਕਰ ਦਿੱਤਾ। ਇਸੇ ਕਾਰਨ ਪੰਜਾਬ ਵਿਚ ਸਾਰਾ ਦਿਨ ਬੱਦਲ ਛਾਏ ਰਹੇ ਅਤੇ ਗਰਮੀ ਤੋਂ ਰਾਹਤ ਰਹੀ।