#PUNJAB

ਪੰਜਾਬ ‘ਚ ਮਹਿੰਗੇ Marriage ਸਮਾਗਮ ਕਰਨ ਵਾਲੇ ਗੈਂਗਸਟਰਾਂ ਦੇ ਨਿਸ਼ਾਨੇ ‘ਤੇ!

-ਪਿਛਲੇ ਇੱਕ ਸਾਲ ਦੌਰਾਨ ਗੈਂਗਸਟਰਾਂ ਨੇ ਪੰਜਾਬ ਭਰ ‘ਚ 525 ਦੇ ਕਰੀਬ ਫੋਨ ਕਾਲਾਂ ਕੀਤੀਆਂ
ਚੰਡੀਗੜ੍ਹ, 22 ਜਨਵਰੀ (ਪੰਜਾਬ ਮੇਲ)- ਪੰਜਾਬ ਵਿਚ ਵਿਆਹਾਂ ਸਮਾਗਮਾਂ ਜਾਂ ਖੁਸ਼ੀ ਦੇ ਹੋਰਨਾਂ ਮੌਕਿਆਂ ‘ਤੇ ਪ੍ਰਭਾਵਸ਼ਾਲੀ ਅਤੇ ਮਹਿੰਗੇ ਸਮਾਗਮ ਕਰਨ ਵਾਲੇ ਵਿਅਕਤੀਆਂ ਨੂੰ ਗੈਂਗਸਟਰਾਂ ਵੱਲੋਂ ਫਿਰੌਤੀ ਮੰਗਣ ਲਈ ਫੋਨ ਕਾਲਾਂ ਅਤੇ ਵਟਸਐਪ ਸੁਨੇਹੇ ਭੇਜੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਉਣ ਲੱਗੀਆਂ ਹਨ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਇੱਕ ਸਾਲ ਦੌਰਾਨ ਗੈਂਗਸਟਰਾਂ ਵੱਲੋਂ ਪੰਜਾਬ ਭਰ ‘ਚ 525 ਦੇ ਕਰੀਬ ਫੋਨ ਕਾਲਾਂ ਕੀਤੀਆਂ ਗਈਆਂ ਅਤੇ ਸੁਨੇਹੇ ਭੇਜੇ ਗਏ। ਗੈਂਗਸਟਰਾਂ ਵੱਲੋਂ ਜਿਨ੍ਹਾਂ ਵਿਅਕਤੀਆਂ ਕੋਲੋਂ ਫਿਰੌਤੀ ਮੰਗੀ ਗਈ ਹੈ, ਉਨ੍ਹਾਂ ਵਿਚ ਜ਼ਿਆਦਾਤਰ ਅਜਿਹੇ ਵਿਅਕਤੀ ਸ਼ਾਮਲ ਹਨ, ਜਿਨ੍ਹਾਂ ਨੇ ਆਪਣੇ ਪੁੱਤ ਜਾਂ ਧੀ ਦੇ ਵਿਆਹ ਮੌਕੇ ਵੱਡਾ ਸਮਾਗਮ ਕੀਤਾ ਹੋਵੇ ਜਾਂ ਹੋਰ ਕਿਸੇ ਤਰ੍ਹਾਂ ਦੇ ਮਹਿੰਗੇ ਖਰਚ ਕਾਰਨ ਉਹ ਅਪਰਾਧੀ ਤੱਤਾਂ ਦੀ ਨਜ਼ਰ ਵਿਚ ਆ ਗਏ। ਪੰਜਾਬ ਵਿਚ ਸਰਦੀਆਂ ਦੀ ਰੁੱਤ ਦੌਰਾਨ ਸਭ ਤੋਂ ਜ਼ਿਆਦਾ ਵਿਆਹ ਸਮਾਗਮ ਹੁੰਦੇ ਹਨ। ਗੈਂਗਸਟਰਾਂ ਵੱਲੋਂ ਇਨ੍ਹਾਂ ਸਮਾਗਮਾਂ ਦੀ ‘ਰੇਕੀ’ ਕੀਤੀ ਜਾਂਦੀ ਹੈ ਅਤੇ ਫਿਰ ਵਿਆਹ ਸਮਾਗਮ ਕਰਨ ਵਾਲੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਅਜਿਹਾ ਹੀ ਇਕ ਤਾਜ਼ਾ ਮਾਮਲਾ ਪੰਜਾਬ ਦੇ ਇੱਕ ਸੇਵਾਮੁਕਤ ਆਈ.ਏ.ਐੱਸ. ਅਧਿਕਾਰੀ ਦੀ ਧੀ ਨਾਲ ਵੀ ਵਾਪਰਿਆ ਹੈ। ਇਸ ਪਰਿਵਾਰ ਵੱਲੋਂ ਲੋਹੜੀ ਮੌਕੇ ਵੱਡਾ ਸਮਾਗਮ ਕੀਤਾ ਗਿਆ, ਤਾਂ ਗੈਂਗਸਟਰਾਂ ਨੇ ਉਸ ਕੋਲੋਂ 50 ਲੱਖ ਰੁਪਏ ਦੀ ਫਿਰੌਤੀ ਮੰਗ ਲਈ। ਜਿਨ੍ਹਾਂ ਵਿਅਕਤੀਆਂ ਕੋਲੋਂ ਗੈਂਗਸਟਰਾਂ ਨੇ ਫਿਰੌਤੀ ਮੰਗੀ, ਉਨ੍ਹਾਂ ਨੇ ਪੁਲਿਸ ਕੋਲ ਪਹੁੰਚ ਵੀ ਕੀਤੀ। ਪੁਲਿਸ ਨੇ ਇੱਕ ਸਾਲ ਵਿਚ 200 ਤੋਂ ਵੱਧ ਕੇਸ ਦਰਜ ਕੀਤੇ ਹਨ। ਪੁਲਿਸ ਨੇ ਅਗਲੇਰੀ ਕਾਰਵਾਈ ਕਰਦਿਆਂ 100 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਕੋਲੋਂ 11 ਹਥਿਆਰ ਵੀ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਕੋਲੋਂ 90 ਲੱਖ ਰੁਪਏ ਤੇ ਦੋ ਦਰਜਨ ਵਾਹਨ ਵੀ ਬਰਾਮਦ ਕੀਤੇ ਗਏ ਹਨ।
ਪੰਜਾਬ ਵਿਚ ਫਿਰੌਤੀ ਮੰਗਣ ਦੇ ਮਾਮਲੇ ਸਭ ਤੋਂ ਵੱਧ ਫਿਰੋਜ਼ਪੁਰ ਰੇਂਜ ਵਿਚ ਸਾਹਮਣੇ ਆਏ ਹਨ। ਇਸ ਰੇਂਜ ਵਿਚ 82 ਮਾਮਲੇ, ਫਰੀਦਕੋਟ ਵਿਚ 78, ਰੂਪਨਗਰ ਰੇਂਜ ਵਿਚ 69, ਸਰਹੱਦੀ ਰੇਂਜ ‘ਚ 64, ਜਲੰਧਰ ਸ਼ਹਿਰ ‘ਚ 46, ਜਲੰਧਰ ਰੇਂਜ ‘ਚ 46, ਲੁਧਿਆਣਾ ਰੇਂਜ ‘ਚ 38, ਬਠਿੰਡਾ ਰੇਂਜ ਵਿਚ 32, ਲੁਧਿਆਣਾ ਸ਼ਹਿਰ ਵਿਚ 29, ਪਟਿਆਲਾ ਰੇਂਜ ਵਿਚ 18 ਅਤੇ ਸਭ ਤੋਂ ਘੱਟ ਅੰਮ੍ਰਿਤਸਰ ਸ਼ਹਿਰ ਵਿਚ 10 ਮਾਮਲੇ ਸਾਹਮਣੇ ਆਏ ਸਨ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਮਾਮਲੇ ਸਿਰਫ਼ ਉਹ ਹਨ, ਜਿੱਥੇ ਲੋਕਾਂ ਨੇ ਪੁਲਿਸ ਕੋਲ ਪਹੁੰਚ ਕੀਤੀ ਹੈ ਪਰ ਬਹੁਤ ਸਾਰੇ ਮਾਮਲੇ ਅਜਿਹੇ ਵੀ ਹੁੰਦੇ ਹਨ, ਜਿੱਥੇ ਗੈਂਗਸਟਰ ਫਿਰੌਤੀ ਲੈਣ ‘ਚ ਕਾਮਯਾਬ ਹੋ ਜਾਂਦੇ ਹਨ ਅਤੇ ਅਜਿਹੇ ਮਾਮਲੇ ਪੁਲਿਸ ਰਿਕਾਰਡ ਦਾ ਹਿੱਸਾ ਨਹੀਂ ਬਣਦੇ। ਪੁਲਿਸ ਤਫ਼ਤੀਸ਼ ਦੌਰਾਨ ਇਹ ਤੱਥ ਵੀ ਸਾਹਮਣੇ ਆਏ ਹਨ ਕਿ ਫਿਰੌਤੀਆਂ ਮੰਗਣ ਵਾਲਿਆਂ ਵਿਚ ਜ਼ਿਆਦਾਤਰ ਗਰੋਹ ਸਥਾਨਕ ਪੱਧਰ ਦੇ ਹੁੰਦੇ ਹਨ ਤੇ ਛੋਟੇ ਗੈਂਗਸਟਰਾਂ ਵੱਲੋਂ ਪੈਸਾ ਇਕੱਠਾ ਕਰਨ ਲਈ ਫਿਰੌਤੀਆਂ ਦਾ ਰਾਹ ਅਪਣਾਇਆ ਗਿਆ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਗੈਂਗਸਟਰ ਵਿਰੋਧੀ ਟਾਸਕ ਫੋਰਸ (ਏ.ਜੀ.ਟੀ.ਐੱਫ.) ਦਾ ਗਠਨ ਕੀਤਾ ਗਿਆ ਸੀ। ਏ.ਜੀ.ਟੀ.ਐੱਫ. ਦੀਆਂ ਕਾਰਵਾਈਆਂ ਕਾਰਨ ਪੁਲਿਸ ਮੁਕਾਬਲਿਆਂ ਦੌਰਾਨ ਗੈਂਗਸਟਰ ਮਾਰੇ ਵੀ ਗਏ ਅਤੇ ਵੱਡੀ ਪੱਧਰ ‘ਤੇ ਗ੍ਰਿਫਤਾਰ ਵੀ ਕੀਤੇ ਗਏ। ਏ.ਜੀ.ਟੀ.ਐੱਫ. ਵਿਚ ਤਾਇਨਾਤ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ‘ਏ’ ਕੈਟਾਗਰੀ ਦੇ ਗੈਂਗਸਟਰ ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਹਨ ਜਾਂ ਫਿਰ ਵਿਦੇਸ਼ਾਂ ਤੋਂ ਗੋਲਡੀ ਬਰਾੜ ਵਰਗੇ ਵੱਡੇ ਗੈਂਗਸਟਰ ਗਤੀਵਿਧੀਆਂ ਚਲਾ ਰਹੇ ਹਨ ਤੇ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਅੰਜਾਮ ਸਥਾਨਕ ਪੱਧਰ ਦੇ ਛੋਟੇ ਗੈਂਗਸਟਰ ਦਿੰਦੇ ਹਨ।
ਪੰਜਾਬੀ ਪਿਛੋਕੜ ਵਾਲੇ ਗੈਂਗਸਟਰਾਂ ਵੱਲੋਂ ਕੈਨੇਡਾ ਵਿਚ ਵੀ ਫਿਰੌਤੀ ਮੰਗਣ ਦੀਆਂ ਘਟਨਾਵਾਂ ਸਾਹਮਣੇ ਆਉਣ ਲੱਗੀਆਂ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੈਂਗਸਟਰਾਂ ਦੀਆਂ ਗਤੀਵਿਧੀਆਂ ਰੋਕਣ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਇਸ ਲਈ ਜੇਕਰ ਫੋਨ ਕਾਲ ਜਾਂ ਵਟਸਐਪ ਮੈਸੇਜ ਆਉਂਦਾ ਹੈ, ਤਾਂ ਪੁਲਿਸ ਨੂੰ ਇਤਲਾਹ ਦਿੱਤੀ ਜਾਵੇ, ਤਾਂ ਜੋ ਢੁੱਕਵੀਂ ਕਾਰਵਾਈ ਕਰਦਿਆਂ ਅਪਰਾਧੀ ਨੂੰ ਕਾਬੂ ਕਰਕੇ ਅਜਿਹੇ ਸੰਗੀਨ ਮਾਮਲਿਆਂ ਨੂੰ ਨੱਥ ਪਾਈ ਜਾ ਸਕੇ।