#PUNJAB

ਪੰਜਾਬ ‘ਚ ਭਾਜਪਾ ਨਾਲ ਗੱਠਜੋੜ ਕਾਰਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਸਿਆਸੀ ਭਵਿੱਖ ਮੁੜ ਦਾਅ ‘ਤੇ

ਚੰਡੀਗੜ੍ਹ, 12 ਫਰਵਰੀ (ਪੰਜਾਬ ਮੇਲ)- ਪੰਜਾਬ ਵਿਚ ਭਾਜਪਾ ਅਕਾਲੀ ਦਲ ਦੇ ਗੱਠਜੋੜ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਸਿਆਸੀ ਭਵਿੱਖ ਮੁੜ ਦਾਅ ‘ਤੇ ਲੱਗ ਗਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਭਾਜਪਾ ਦੀ ਹੋਈ ਜ਼ਬਰਦਸਤ ਹਾਰ, ਦੋਵਾਂ ਪਾਰਟੀਆਂ ਦਾ ਸਿਆਸੀ ਤੋੜ-ਵਿਛੋੜਾ ਤੇ ਮੁੜ ਸਿਆਸੀ ਕੁਰਸੀ ਦੀ ਲਾਲਸਾ ਨੇ ਦੋਵੇਂ ਪਾਰਟੀਆਂ ਨੂੰ ਮੁੜ ਇੱਕ ਦੂਜੇ ਦੇ ਨੇੜੇ ਲਿਆ ਖੜ੍ਹਾ ਕਰ ਦਿੱਤਾ ਹੈ। ਪਰ ਦੇਸ਼ ਵਿਚ ਮੁੜ ਸ਼ੁਰੂ ਹੋ ਰਿਹਾ ਕਿਸਾਨ ਅੰਦੋਲਨ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਨੂੰ ਫਾਇਦਾ ਨਾ ਦੇ ਕੇ ਜ਼ਰੂਰ ਮੁੜ ਸਬਕ ਸਿਖਾਵੇਗਾ।
ਭਾਵੇਂ ਕਿ ਦੋਵਾਂ ਪਾਰਟੀਆਂ ਵਿਚਾਲੇ ਤੋੜ-ਵਿਛੋੜੇ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਪੂਰਨ ਬਹੁਮਤ ਵਾਲੀ ਮਜ਼ਬੂਤ ਸਰਕਾਰ ਬਣਾ ਦਿੱਤੀ ਹੈ ਤੇ ਪੰਜਾਬ ਦੀ ਹਿਤੈਸ਼ੀ ਪਾਰਟੀ ਵਿਰੋਧੀ ਧਿਰ ਵੀ ਨਾ ਬਣ ਗਿਣਤੀ ਦੇ ਮੈਂਬਰਾਂ ਨਾਲ ਸਬਰ ਕਰ ਬੈਠ ਗਈ ਤੇ ਪੰਜਾਬ ਵਿਚ ‘ਪੰਜਾਬ ਬਚਾਓ’ ਦੇ ਨਾਅਰੇ ਨਾਲ ਸਿਆਸੀ ਹਲਚਲ ਸ਼ੁਰੂ ਕੀਤੀ। ਪਰੰਤੂ ਉਹ ਵੀ ਕੁਝ ਸ਼ਹਿਰਾਂ ਤੱਕ ਹੀ ਸੀਮਿਤ ਰਹਿ ਗਈ ਤੇ ਲੋਕਾਂ ਵਿਚ ਅੱਜ ਵੀ ਅਕਾਲੀ-ਭਾਜਪਾ ਸਰਕਾਰ ਸਮੇਂ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਅਣਗਿਣਤ ਬੇਅਦਬੀਆਂ ਨੂੰ ਲੋਕ ਨਾ ਭੁੱਲੇ ਸਕੇ।
ਸਮੁੱਚੇ ਪੰਜਾਬ ਦੀਆਂ ਵੋਟਾਂ ਦੀ ਗਿਣਤੀ ਵੇਖੀ ਜਾਵੇ, ਤਾਂ ਤੋੜ-ਵਿਛੋੜੇ ਕਾਰਨ ਦੋਵੇਂ ਪਾਰਟੀਆਂ ਜਿੱਤ ਦੇ ਨਿਸ਼ਾਨ ਤੋਂ ਹੇਠਾਂ ਡਿੱਗ ਪਈਆਂ ਪਰ ਆਪਣੀ-ਆਪਣੀ ਆਕੜ ਕਾਰਨ ਗਲਤੀ ‘ਤੇ ਗਲਤੀ ਕਰਦੀਆਂ ‘ਤੂੰ ਉੱਤਰ ਮੇਰੀ ਵਾਰੀ’ ਵਾਂਗ ਆਮ ਜਨਤਾ ਨੇ ਦੋਵਾਂ ਪਾਰਟੀਆਂ ਦਾ ਪੱਤਾ ਸਾਫ਼ ਕਰ ਤੀਜੀ ਧਿਰ ਨੂੰ ਪੰਜਾਬ ‘ਤੇ ਕਾਬਜ਼ ਕਰ ਦਿੱਤਾ। ਪੰਜਾਬ ਦੀ ਸੱਤਾ ਮਾਨਣ ਲਈ ਕਈ ਥਾਵਾਂ ‘ਤੇ ਪੰਜਾਬ ਵਿਚ ਪੇਂਡੂ ਵੋਟ ਤੇ ਪੰਥ ਖ਼ਤਰੇ ਦੇ ਨਾਅਰਿਆਂ ਤੋਂ ਇਲਾਵਾ ਪੰਜਾਬ ਵਿਚ ਖਾੜਕੂਵਾਦ ਦਾ ਨਾਅਰਾ ਲਾ ਕੇ ਸੱਤਾ ਹਾਸਲ ਕਰਨ ਵਾਲੀਆਂ ਦੋਵੇਂ ਵੱਡੀਆਂ ਧਿਰਾਂ ਪੰਜਾਬ ਵਿਚ ਮੁੜ ਪੈਰ ਪਸਾਰਨ ਲਈ ਤਰਲੋ-ਮੱਛੀ ਹੋਈਆਂ ਪਈਆਂ ਹਨ।
ਸਰਕਾਰ ਹੋਣ ਵੇਲੇ ਸਿੱਖ ਮਸਲਿਆਂ, ਬੰਦੀ ਸਿੰਘਾਂ ਦੀ ਰਿਹਾਈ ‘ਤੇ ਚੁੱਪੀ ਤੇ ਸਿੱਖਾਂ ਦੇ ਕਾਤਲਾਂ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਰਪ੍ਰਸਤੀ ਹੇਠ ਉੱਚ ਅਹੁਦਿਆਂ ‘ਤੇ ਨਿਵਾਜਣਾ ਸਿੱਖਾਂ ਦੇ ਜ਼ਖ਼ਮਾਂ ‘ਤੇ ਲੂਣ ਪਾਉਣ ਬਰਾਬਰ ਸੀ। ਕਿਸਾਨ ਅੰਦੋਲਨ ਦੌਰਾਨ ਭਾਜਪਾ ਦਾ ਕਿਸਾਨਾਂ ਪ੍ਰਤੀ ਵਿਹਾਰ ਤੇ ਮੁੜ ਸ਼ੁਰੂ ਹੋਣ ਜਾ ਰਹੇ ਕਿਸਾਨ ਅੰਦੋਲਨ ਕਾਰਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਭਾਜਪਾ ਵਿਚਕਾਰ ਗੱਠਜੋੜ ਦੀ ਆਵਾਜ਼ ਪੰਜਾਬ ਵਿਚ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਚੰਗੇ ਸੰਕੇਤ ਨਹੀਂ ਹੋਣਗੇ।
ਜੇਕਰ ਅਜਿਹਾ ਹੋ ਗਿਆ, ਤਾਂ ਪੰਜਾਬ ਵਿਚ ਪੰਜਾਬੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਸਿਆਸੀ ਰੁਤਬਾ ਖ਼ਤਮ ਹੋਣ ਦੇ ਨਾਲ ਪੰਜਾਬ ਵਿਚੋਂ ਖੇਤਰੀ ਪਾਰਟੀ ਦਾ ਇੱਕ ਵੀ ਐੱਮ.ਪੀ. ਤੇ ਪੰਜਾਬ ਵਿਧਾਨ ਸਭਾ ਵਿਚ ਮੁਕੰਮਲ ਮੈਂਬਰੀ ਖ਼ਤਮ ਹੋਣ ਦੇ ਆਸਾਰ ਬਣ ਜਾਣਗੇ ਤੇ ਪੁਰਾਤਨ ਅਕਾਲੀ ਦਲ ਇਕ ਪਰਿਵਾਰ ਦਾ ਕੁਰਸੀ ਦੀ ਲਾਲਸਾ ਕਾਰਨ ਵਜੂਦ ਖ਼ਤਮ ਕਰਨ ਵੱਲ ਇਕ ਹੋਰ ਕਦਮ ਵਧ ਜਾਵੇਗਾ, ਜਿਸ ਦਾ ਅਸਰ ਕਈ ਸਾਲ ਤੱਕ ਸਿੱਖ ਕੌਮ ਨੂੰ ਝੱਲਣਾ ਪਵੇਗਾ।