#PUNJAB

ਪੰਜਾਬ ‘ਚ ਪੰਚਾਇਤ ਚੋਣਾਂ 15 ਅਕਤੂਬਰ ਨੂੰ; ਚੋਣ ਜ਼ਾਬਤਾ ਲਾਗੂ

ਬੈਲੇਟ ਪੇਪਰ ਨਾਲ ਹੋਣਗੀਆਂ ਚੋਣਾਂ, ਸਰਪੰਚੀ ਲਈ ਗੁਲਾਬੀ ਅਤੇ ਪੰਚਾਂ ਲਈ ਸਫ਼ੈਦ ਰੰਗ ਦਾ ਹੋਵੇਗਾ ਬੈਲੇਟ ਪੇਪਰ
ਚੰਡੀਗੜ੍ਹ, 26 ਸਤੰਬਰ (ਪੰਜਾਬ ਮੇਲ)- ਪੰਜਾਬ ‘ਚ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋਣਗੀਆਂ ਅਤੇ ਸਮੁੱਚੇ ਪੰਜਾਬ ‘ਚ ਬੁੱਧਵਾਰ (25 ਸਤੰਬਰ) ਤੋਂ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਵੋਟਾਂ ਦੀ ਗਿਣਤੀ ਚੋਣਾਂ ਵਾਲੇ ਦਿਨ ਹੀ ਸ਼ਾਮ ਨੂੰ ਹੋਵੇਗੀ। ਪੰਚਾਇਤ ਚੋਣਾਂ ਲਈ ਵੋਟਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪਾ ਸਕਣਗੇ। ਪੰਚਾਇਤ ਚੋਣਾਂ ਦੇ ਐਲਾਨ ਨਾਲ ਹੀ ਸੂਬੇ ਵਿਚ ਸਿਆਸੀ ਹਰਕਤ ਸ਼ੁਰੂ ਹੋ ਗਈ ਹੈ। ਪਹਿਲੀ ਵਾਰ ਝੋਨੇ ਦੇ ਖ਼ਰੀਦ ਸੀਜ਼ਨ ਦੌਰਾਨ ਪੰਚਾਇਤ ਚੋਣਾਂ ਹੋ ਰਹੀਆਂ ਹਨ। ਚੋਣ ਜ਼ਾਬਤਾ ਅਮਲ ‘ਚ ਆਉਣ ਨਾਲ ਪੇਂਡੂ ਵਿਕਾਸ ਦੇ ਨਵੇਂ ਕੰਮ ਠੱਪ ਹੋ ਗਏ ਹਨ।
ਪੰਜਾਬ ਰਾਜ ਦੇ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਇਥੇ ਪ੍ਰੈੱਸ ਕਾਨਫ਼ਰੰਸ ਕਰਕੇ ਪੰਚਾਇਤ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ। ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣ ਦਾ ਅਮਲ 27 ਸਤੰਬਰ (11 ਵਜੇ ਤੋਂ ਤਿੰਨ ਵਜੇ ਤੱਕ) ਨੂੰ ਸ਼ੁਰੂ ਹੋਵੇਗਾ ਅਤੇ ਚਾਹਵਾਨ ਉਮੀਦਵਾਰ 4 ਅਕਤੂਬਰ ਤੱਕ ਕਾਗ਼ਜ਼ ਦਾਖਲ ਕਰ ਸਕਣਗੇ। ਉਨ੍ਹਾਂ ਦੱਸਿਆ ਕਿ 28 ਸਤੰਬਰ ਨੂੰ ਛੁੱਟੀ ਹੋਣ ਕਰਕੇ ਨਾਮਜ਼ਦਗੀ ਪੱਤਰ ਨਹੀਂ ਲਏ ਜਾਣਗੇ। ਪੰਜ ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 7 ਅਕਤੂਬਰ (ਬਾਅਦ ਦੁਪਹਿਰ ਤਿੰਨ ਵਜੇ ਤੱਕ) ਤੱਕ ਉਮੀਦਵਾਰ ਆਪਣੇ ਕਾਗ਼ਜ਼ ਵਾਪਸ ਲੈ ਸਕਣਗੇ।
ਐਤਕੀਂ ਪੰਚਾਇਤ ਚੋਣਾਂ ਦਸਹਿਰੇ (12 ਅਕਤੂਬਰ) ਤੋਂ ਬਾਅਦ ਅਤੇ ਦੀਵਾਲੀ (31 ਅਕਤੂਬਰ) ਤੋਂ ਪਹਿਲਾਂ ਹੋ ਰਹੀਆਂ ਹਨ, ਜਿਸ ਕਰਕੇ ਨਵੇਂ ਚੁਣੇ ਜਾਣ ਵਾਲੇ ਸਰਪੰਚਾਂ ਦੀ ਇਹ ਪਹਿਲੀ ਦੀਵਾਲੀ ਹੋਵੇਗੀ। ਪੰਚਾਇਤ ਚੋਣਾਂ ਤੋਂ ਪਹਿਲਾਂ ਜ਼ਿਲ੍ਹਿਆਂ ਵਿਚ ਸਰਪੰਚਾਂ ਦੇ ਰਾਖਵੇਂਕਰਨ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਸੀ। ਰਾਖਵੇਂਕਰਨ ਦੀ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਹੀ ਪੰਚਾਇਤ ਚੋਣਾਂ ਦਾ ਐਲਾਨ ਹੋਇਆ ਹੈ। ਪੰਜਾਬ ਸਰਕਾਰ ਨੇ ਪਿਛਲੇ ਸਾਲ 10 ਅਗਸਤ ਨੂੰ ਨੋਟੀਫ਼ਿਕੇਸ਼ਨ ਜਾਰੀ ਕਰਕੇ ਪੰਚਾਇਤੀ ਸੰਸਥਾਵਾਂ ਭੰਗ ਕਰ ਦਿੱਤੀਆਂ ਸਨ ਅਤੇ ਮਾਮਲਾ ਹਾਈਕੋਰਟ ਵਿਚ ਜਾਣ ਕਰਕੇ ਸਰਕਾਰ ਨੇ ਫ਼ੈਸਲਾ ਵਾਪਸ ਲੈ ਲਿਆ ਸੀ। ਮਗਰੋਂ ਮਿਆਦ ਪੁਗਾ ਚੁੱਕੀਆਂ ਪੰਚਾਇਤਾਂ ਨੂੰ ਭੰਗ ਕਰਕੇ ਪ੍ਰਬੰਧਕ ਲਗਾ ਦਿੱਤੇ ਸਨ।
ਸੂਬਾਈ ਚੋਣ ਕਮਿਸ਼ਨਰ ਚੌਧਰੀ ਨੇ ਦੱਸਿਆ ਕਿ ਪੰਚਾਇਤ ਚੋਣਾਂ ਬੈਲੇਟ (ਮਤਪੱਤਰ) ਨਾਲ ਹੋਣਗੀਆਂ ਅਤੇ ਸਰਪੰਚੀ ਲਈ ਬੈਲੇਟ ਪੇਪਰ ਗੁਲਾਬੀ ਰੰਗ ਅਤੇ ਪੰਚਾਂ ਲਈ ਬੈਲੇਟ ਪੇਪਰ ਸਫ਼ੈਦ ਰੰਗ ਦਾ ਹੋਵੇਗਾ। ਬੈਲੇਟ ਪੇਪਰ ਵਿਚ ‘ਨੋਟਾ’ (ਉਪਰੋਕਤ ‘ਚੋਂ ਕੋਈ ਵੀ ਨਹੀਂ) ਦਾ ਬਦਲ ਵੀ ਹੋਵੇਗਾ। ਉਨ੍ਹਾਂ ਦੱਸਿਆ ਕਿ ਸੂਬੇ ਦੀਆਂ 13,237 ਗਰਾਮ ਪੰਚਾਇਤਾਂ ਦੇ ਸਰਪੰਚਾਂ ਅਤੇ ਪੰਚਾਂ ਲਈ ਵੋਟਾਂ ਪੈਣਗੀਆਂ ਅਤੇ ਵੋਟਾਂ ਲਈ 19110 ਪੋਲਿੰਗ ਬੂਥ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ 23 ਸੀਨੀਅਰ ਆਈ.ਏ.ਐੱਸ. ਅਤੇ ਪੀ.ਸੀ.ਐੱਸ. ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰ ਵਜੋਂ ਤਾਇਨਾਤ ਕੀਤਾ ਜਾਵੇਗਾ। ਇਨ੍ਹਾਂ ਚੋਣਾਂ ‘ਚ 13,237 ਸਰਪੰਚ ਅਤੇ 83,437 ਪੰਚ ਚੁਣੇ ਜਾਣੇ ਹਨ। ਸੂਬੇ ਵਿਚ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਇਨ੍ਹਾਂ ਚੋਣਾਂ ਵਿਚ 1,33,97,922 ਵੋਟਰ ਆਪਣੇ ਵੋਟ ਦਾ ਹੱਕ ਇਸਤੇਮਾਲ ਕਰਨਗੇ। ਇਨ੍ਹਾਂ ਵਿਚ 70,51,722 ਪੁਰਸ਼ ਵੋਟਰ ਅਤੇ 63,46,008 ਮਹਿਲਾ ਵੋਟਰਾਂ ਤੋਂ ਇਲਾਵਾ 192 ਅਦਰਜ਼ ਵੀ ਸ਼ਾਮਲ ਹਨ। ਚੋਣ ਪ੍ਰਕਿਰਿਆ ਮੁਕੰਮਲ ਕਰਵਾਉਣ ਲਈ 96 ਹਜ਼ਾਰ ਚੋਣ ਅਮਲਾ ਤਾਇਨਾਤ ਕੀਤਾ ਜਾਵੇਗਾ। ਪੰਚਾਇਤ ਚੋਣਾਂ ਲੜਨ ਲਈ ਉਮਰ ਹੱਦ 25 ਸਾਲ ਰੱਖੀ ਗਈ ਹੈ। ਪੰਚਾਇਤ ਚੋਣਾਂ ਲਈ ਜ਼ਮਾਨਤ ਰਾਸ਼ੀ 100 ਰੁਪਏ ਰੱਖੀ ਗਈ ਹੈ ਜਦੋਂ ਕਿ ਐੱਸ. ਸੀ. ਉਮੀਦਵਾਰਾਂ ਲਈ ਇਹ ਰਾਸ਼ੀ 50 ਰੁਪਏ ਹੋਵੇਗੀ।
ਪੰਚਾਇਤੀ ਚੋਣਾਂ ਲੜਨ ਵਾਲੇ ਸਰਪੰਚੀ ਦੇ ਉਮੀਦਵਾਰਾਂ ਲਈ ਚੋਣ ਖ਼ਰਚ ਹੱਦ 40 ਹਜ਼ਾਰ ਰੁਪਏ ਤੈਅ ਕੀਤੀ ਗਈ ਹੈ ਅਤੇ ਪੰਚੀ ਦੇ ਉਮੀਦਵਾਰਾਂ ਲਈ ਖ਼ਰਚ ਹੱਦ 30 ਹਜ਼ਾਰ ਰੁਪਏ ਰੱਖੀ ਗਈ ਹੈ। ਸਾਲ 2013 ਦੀਆਂ ਪੰਚਾਇਤੀ ਚੋਣਾਂ ਸਮੇਂ ਸਰਪੰਚ ਲਈ ਖ਼ਰਚ ਹੱਦ 23,500 ਰੁਪਏ ਅਤੇ ਪੰਚੀ ਲਈ 16 ਹਜ਼ਾਰ ਰੁਪਏ ਸੀ। ਉਸ ਮਗਰੋਂ 2018 ਦੀਆਂ ਚੋਣਾਂ ਵਿਚ ਸਰਪੰਚੀ ਦੀ ਚੋਣ ਲਈ ਖ਼ਰਚ ਹੱਦ 30 ਹਜ਼ਾਰ ਅਤੇ ਪੰਚੀ ਲਈ 20 ਹਜ਼ਾਰ ਰੁਪਏ ਸੀ। ਰਾਜ ਚੋਣ ਕਮਿਸ਼ਨਰ ਨੇ ਦੱਸਿਆ ਕਿ ਚੋਣਾਂ ਵਿਚ ਚੋਣ ਆਬਜ਼ਰਵਰ ਲਾਏ ਜਾਣਗੇ, ਤਾਂ ਜੋ ਆਦਰਸ਼ ਚੋਣ ਜ਼ਾਬਤੇ ਦੀ ਪੂਰਨ ਪਾਲਣਾ ਕਰਵਾਈ ਜਾ ਸਕੇ। ਚੋਣ ਕਮਿਸ਼ਨ ਨੇ ਚੋਣ ਨਿਸ਼ਾਨਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ, ਜਿਸ ਤਹਿਤ ਕੁੱਲ 173 ਚੋਣ ਨਿਸ਼ਾਨ ਰੱਖੇ ਗਏ ਹਨ। ਸਰਪੰਚਾਂ ਲਈ 38 ਚੋਣ ਨਿਸ਼ਾਨ ਅਤੇ ਪੰਚਾਂ ਲਈ 70 ਚੋਣ ਨਿਸ਼ਾਨ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਸੂਬੇ ‘ਚ ਨਿਰਪੱਖ ਤੇ ਸੁਤੰਤਰ ਚੋਣਾਂ ਕਰਵਾਉਣ ਲਈ ਸਭ ਪ੍ਰਬੰਧ ਮੁਕੰਮਲ ਕਰ ਲਏ ਹਨ। ਪੰਚਾਇਤ ਚੋਣਾਂ ਲਈ ਸਰਪੰਚਾਂ ਦੇ ਅਹੁਦੇ ਦਾ ਰਾਖਵੇਂਕਰਨ ਐਤਕੀਂ ਬਲਾਕ ਨੂੰ ਇਕਾਈ ਮੰਨ ਕੇ ਨਵਾਂ ਰੋਸਟਰ ਤਿਆਰ ਕਰਕੇ ਕੀਤਾ ਗਿਆ ਹੈ, ਜਿਸ ਵਾਸਤੇ ਪੰਜਾਬ ਵਿਧਾਨ ਸਭਾ ‘ਚ ਪੰਚਾਇਤੀ ਰਾਜ ਐਕਟ ਸੋਧ ਬਿੱਲ ਲਿਆਂਦਾ ਗਿਆ ਸੀ। ਪੰਚਾਇਤੀ ਰਾਜ ਰੂਲਜ਼ ਵਿਚ ਸੋਧ ਕਰਨ ਮਗਰੋਂ ਐਤਕੀਂ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ ‘ਤੇ ਚੋਣ ਨਹੀਂ ਲੜ ਸਕਣਗੇ।
ਪੰਚਾਇਤ ਚੋਣਾਂ ਸਾਰੀਆਂ ਪਾਰਟੀਆਂ ਲਈ ਵੱਕਾਰ ਦਾ ਸਵਾਲ
ਪੰਚਾਇਤ ਚੋਣਾਂ ਬੇਸ਼ੱਕ ਪਾਰਟੀ ਦੇ ਚੋਣ ਨਿਸ਼ਾਨ ‘ਤੇ ਨਹੀਂ ਲੜੀਆਂ ਜਾਣਗੀਆਂ ਪਰ ਇਹ ਚੋਣਾਂ ਪੇਂਡੂ ਖੇਤਰ ਵਿਚ ਸਿਆਸੀ ਧਿਰਾਂ ਦੇ ਅਧਾਰ ਦੀ ਨਿਰਖ਼ ਕਰਨਗੀਆਂ। ਆਮ ਆਦਮੀ ਪਾਰਟੀ ਬਤੌਰ ਸੱਤਾਧਾਰੀ ਧਿਰ ਪਹਿਲੀ ਵਾਰ ਪੰਚਾਇਤ ਚੋਣਾਂ ਵਿਚ ਅਸਿੱਧੇ ਤਰੀਕੇ ਨਾਲ ਮੈਦਾਨ ਵਿਚ ਉੱਤਰੇਗੀ। ਭਾਜਪਾ ਵੀ ਇਨ੍ਹਾਂ ਚੋਣਾਂ ‘ਚ ਆਪਣਾ ਸਿਆਸੀ ਕੱਦ ਮਾਪੇਗੀ। ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਮੁੜ-ਸੁਰਜੀਤੀ ਹੀ ਪੰਚਾਇਤ ਚੋਣਾਂ ‘ਚੋਂ ਦੇਖ ਰਿਹਾ ਹੈ। ਕਾਂਗਰਸ ਵੀ ਪੰਚਾਇਤਾਂ ‘ਤੇ ਆਪਣੀ ਪੁਰਾਣੀ ਪੈਂਠ ਰੱਖਣ ਵਾਸਤੇ ਤਾਣ ਲਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਆਖ ਚੁੱਕੇ ਹਨ ਕਿ ਪੰਜਾਬ ਵਿਚ ਜੋ ਪੰਚਾਇਤ ਸਰਬਸੰਮਤੀ ਕਰੇਗੀ, ਉਸ ਪਿੰਡ ਨੂੰ ਤਰਜੀਹੀ ਅਧਾਰ ‘ਤੇ ਗਰਾਂਟ ਅਤੇ ਸਿਹਤ ਤੇ ਸਿੱਖਿਆ ਸੰਸਥਾਵਾਂ ਮਿਲਣਗੀਆਂ।