#PUNJAB

ਪੰਜਾਬ ‘ਚ ਨਵੇਂ ਚੁਣੇ ਵਿਧਾਇਕ 2 ਦਸੰਬਰ ਨੂੰ ਚੁੱਕਣਗੇ ਸਹੁੰ,

ਚੰਡੀਗੜ੍ਹ, 28 ਨਵੰਬਰ (ਪੰਜਾਬ ਮੇਲ)- ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ‘ਚ ਚੁਣੇ ਗਏ ਚਾਰ ਵਿਧਾਇਕ 2 ਦਸੰਬਰ ਨੂੰ ਸਹੁੰ ਚੁੱਕਣਗੇ। ਉਨ੍ਹਾਂ ਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਹੁੰ ਚੁਕਾਈ ਜਾਵੇਗੀ।  ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਮੌਜੂਦ ਰਹਿਣ ਦੀ ਸੰਭਾਵਨਾ ਹੈ। ਇਸ ਚੋਣ ਵਿਚ ਚਾਰ ਵਿਚੋਂ ਤਿੰਨ ਸੀਟਾਂ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਦੀਆਂ ਕੁੱਲ ਸੀਟਾਂ ਦੀ ਗਿਣਤੀ 95 ਹੋ ਗਈ ਹੈ। ਸਹੁੰ ਚੁੱਕ ਸਮਾਗਮ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਸਮਾਗਮ ਸਵੇਰੇ 11:30 ਵਜੇ ਹੋਵੇਗਾ।
ਪੰਜਾਬ ਦੀਆਂ ਚਾਰ ਸੀਟਾਂ ਡੇਰਾ ਬਾਬਾ ਨਾਨਕ, ਚੱਬੇਵਾਲ, ਬਰਨਾਲਾ ਅਤੇ ਗਿੱਦੜਬਾਹਾ ‘ਤੇ ਜ਼ਿਮਨੀ ਚੋਣਾਂ ਹੋਈਆਂ ਕਿਉਂਕਿ ਇਨ੍ਹਾਂ ਸੀਟਾਂ ਦੇ ਵਿਧਾਇਕ ਸੰਸਦ ਮੈਂਬਰ ਬਣ ਚੁੱਕੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਸ ਦੌਰਾਨ ਹੋਈਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਵਿਚ ਡੇਰਾ ਬਾਬਾ ਨਾਨਕ ਸੀਟ ਤੋਂ ਗੁਰਜਿੰਦਰ ਸਿੰਘ ਰੰਧਾਵਾ, ਚੱਬੇਵਾਲ ਤੋਂ ਡਾ. ਇਸ਼ਾਂਕ ਚੱਬੇਵਾਲ ਅਤੇ ਗਿੱਦੜਬਾਹਾ ਸੀਟ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਚੋਣ ਜਿੱਤ ਗਏ। ਇਹ ਤਿੰਨੇ ਆਗੂ ਆਮ ਆਦਮੀ ਪਾਰਟੀ ਨਾਲ ਸਬੰਧਤ ਹਨ। ਜਦੋਂਕਿ ਇਸ ਵਾਰ ਕਾਂਗਰਸ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਬਰਨਾਲਾ ਸੀਟ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਹਨ।