#PUNJAB

ਪੰਜਾਬ ‘ਚ ਗੋਲੀਬਾਰੀ ਦੀਆਂ ਘਟਨਾਵਾਂ ਨਾਲ ਦਹਿਲਿਆ ਪੰਜਾਬ

ਅੰਮ੍ਰਿਤਸਰ, ਫਗਵਾੜਾ, ਬੰਗਾ, ਗੁਰਦਾਸਪੁਰ ‘ਚ ਹੋਈ ਗੋਲੀਬਾਰੀ ‘ਚ 2 ਮੌਤਾਂ; 8 ਜ਼ਖਮੀ
ਅੰਮ੍ਰਿਤਸਰ, 19 ਨਵੰਬਰ (ਪੰਜਾਬ ਮੇਲ)- ਪੰਜਾਬ ‘ਚ ਦਿਨੋਂ-ਦਿਨ ਕਾਨੂੰਨੀ ਵਿਵਸਥਾ ਨਿਘਰਦੀ ਜਾ ਰਹੀ ਹੈ। ਕਾਨੂੰਨੀ ਵਿਵਸਥਾ ਨੂੰ ਛਿੱਕੇ ਟੰਗ ਕੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਕੀਤੀ ਜਾ ਰਹੀ ਲੁੱਟਮਾਰ, ਗੋਲੀਬਾਰੀ ਅਤੇ ਕਤਲੇਆਮ ਦੀਆਂ ਘਟਨਾਵਾਂ ‘ਚ ਅਥਾਹ ਵਾਧਾ ਹੋਇਆ ਹੈ। ਹੁਣ ਵੱਖ-ਵੱਖ ਥਾਵਾਂ ‘ਤੇ ਹੋਈ ਗੋਲੀਬਾਰੀ ਦੀਆਂ ਘਟਨਾਵਾਂ ਨੇ ਪੰਜਾਬ ਦੇ ਮੱਥੇ ‘ਤੇ ਚਿੰਤਾ ਦੀਆਂ ਲਕੀਰਾਂ ਉਲੀਕ ਦਿੱਤੀਆਂ ਹਨ।
ਅੰਮ੍ਰਿਤਸਰ ‘ਚ ਵੱਖ-ਵੱਖ ਥਾਵਾਂ ‘ਤੇ ਹੋਈਆਂ ਦੋ ਵਾਰਦਾਤਾਂ
ਇਥੇ ਅੰਮ੍ਰਿਤਸਰ ਦੇ ਬੱਸ ਅੱਡੇ ‘ਤੇ ਨਿੱਜੀ ਟਰਾਂਸਪੋਰਟ ਕੰਪਨੀ ਦੇ ਕਰਮਚਾਰੀ ਨੂੰ ਕੁਝ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਨਿੱਜੀ ਟਰਾਂਸਪੋਰਟ ਕੰਪਨੀ ਸਿਆਸੀ ਆਗੂ ਦੀ ਹੈ। ਮ੍ਰਿਤਕ ਦੀ ਸ਼ਨਾਖਤ ਮੱਖਣ ਸਿੰਘ ਵੱਜੋਂ ਹੋਈ ਹੈ, ਬੱਸ ਕੰਪਨੀ ਦਾ ਅੱਡਾ ਇੰਚਾਰਜ ਸੀ। ਗੋਲੀਆਂ ਵੱਜਣ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧ ‘ਚ ਪੁਲਿਸ ਵੱਲੋਂ ਗੈਂਗਸਟਰ ਡੋਨੀ ਬੱਲ ਅਤੇ ਅਣਪਛਾਤਿਆਂ ਖ਼ਿਲਾਫ਼ ਥਾਣਾ ਏ ਡਿਵੀਜ਼ਨ ਰਾਮਬਾਗ ਵਿਚ ਕੇਸ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਕਤਲ ਕਾਂਡ ਦੀ ਕਥਿਤ ਜ਼ਿੰਮੇਵਾਰੀ ਘਣਸ਼ਾਮਪੁਰੀਆ ਗੈਂਗ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਲਈ। ਪੋਸਟ ਵਿਚ ਲਿਖਿਆ ਹੈ ਕਿ ਇਹ ਕਤਲ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਹੈ।
ਇਕ ਹੋਰ ਘਟਨਾ ‘ਚ ਛੇਹਰਟਾ ਦੇ ਅਧੀਨ ਆਉਂਦੇ ਇਲਾਕੇ ਗੁਰਦੁਆਰਾ ਸਾਹਿਬ ਦੇ ਨੇੜੇ ਦਿਨ ਦਿਹਾੜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ, ਵਰਿੰਦਰ ਸਿੰਘ(40), ਵਾਸੀ ਪਾਰਸ ਐਵੀਨਿਊ ਸੰਨ੍ਹ ਸਾਹਿਬ ਰੋਡ, ਛੇਹਰਟਾ, ਆਪਣੇ ਬੱਚਿਆਂ ਨੂੰ ਸਕੂਲ ਵਿਚ ਛੱਡ ਕੇ ਘਰ ਵਾਪਸ ਆ ਰਿਹਾ ਸੀ। ਜਦੋਂ ਉਹ ਗੁਰਦੁਆਰਾ ਛੇਹਰਟਾ ਸਾਹਿਬ ਦੇ ਕੋਲੋਂ ਪਹੁੰਚਿਆ ਤਾਂ ਪਿੱਛੋਂ ਮੋਟਰਸਾਈਕਲ ‘ਤੇ ਆਏ ਦੋ ਨੌਜਵਾਨਾਂ ਨੇ ਉਸ ‘ਤੇ ਗੋਲੀ ਚਲਾ ਦਿੱਤੀ। ਗੋਲੀ ਧੌਣ ‘ਚ ਲੱਗਣ ਕਾਰਨ ਵਰਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਦਕਿ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਜ਼ਖ਼ਮੀ ਨੂੰ ਤੁਰੰਤ ਪਰਿਵਾਰਕ ਮੈਂਬਰਾਂ ਵੱਲੋਂ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਫਗਵਾੜਾ ‘ਚ ਪਿਓ-ਪੁੱਤ ‘ਤੇ ਜਾਨਲੇਵਾ ਹਮਲਾ
ਫਗਵਾੜਾ ‘ਚ ਗਊਸ਼ਾਲਾ ਬਾਜ਼ਾਰ ‘ਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਨੌਜਵਾਨਾਂ ਦੀ ਇਕ ਟੋਲੀ ਨੇ ਸ਼ਿਵ ਸੈਨਾ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਕਰਵਲ ਦੇ ਪੁੱਤਰ ਸ਼ਿਵ ਸੈਨਾ ਨੇਤਾ ਜਿੰਮੀ ਕਰਵਲ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਉਸ ਦੀ ਕੁੱਟ-ਮਾਰ ਕਰਦੇ ਹੋਏ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਇਸ ਦੌਰਾਨ ਜਦੋਂ ਜਿੰਮੀ ਕਰਵਲ ‘ਤੇ ਹੋਏ ਜਾਨਲੇਵਾ ਹਮਲੇ ਦੀ ਸੂਚਨਾ ਉਸ ਦੇ ਪਿਤਾ ਇੰਦਰਜੀਤ ਕਰਵਲ ਨੂੰ ਮਿਲੀ ਤਾਂ ਉਹ ਮੌਕੇ ‘ਤੇ ਪੁੱਜੇ ਅਤੇ ਆਪਣੇ ਪੁੱਤਰ ਨੂੰ ਬਚਾਉਣ ਲਈ ਅੱਗੇ ਹੋਏ। ਇਸ ‘ਤੇ ਮੁਲਜ਼ਮ ਨੌਜਵਾਨਾਂ ਨੇ ਇੰਦਰਜੀਤ ਕਰਵਲ ‘ਤੇ ਵੀ ਹਮਲਾ ਕਰ ਦਿੱਤਾ, ਜਿਸ ‘ਚ ਉਹ ਜ਼ਖਮੀ ਹੋ ਗਏ ਅਤੇ ਉਨ੍ਹਾਂ ਦੇ ਕੰਨ ‘ਤੇ ਗੰਭੀਰ ਸੱਟਾਂ ਲੱਗੀਆਂ ਹਨ।
ਜ਼ਖਮੀ ਹੋਏ ਇੰਦਰਜੀਤ ਕਰਵਲ ਅਤੇ ਉਨ੍ਹਾਂ ਦੇ ਪੁੱਤਰ ਜਿੰਮੀ ਕਰਵਲ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਸਰਕਾਰੀ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਬੰਗਾ ‘ਚ ਹੋਈ ਗੋਲੀਬਾਰੀ ਦੌਰਾਨ 5 ਵਿਅਕਤੀ ਜ਼ਖਮੀ
ਇਥੋਂ ਦੇ ਬੱਸ ਅੱਡੇ ਕੋਲ ਗੋਲੀਆਂ ਚੱਲ ਗਈਆਂ, ਜਿਸ ਵਿਚ ਐੱਸ.ਯੂ.ਵੀ. ਸਵਾਰ ਪੰਜ ਜਣੇ ਗੰਭੀਰ ਜ਼ਖ਼ਮੀ ਹੋ ਗਏ। ਇਸ ਘਟਨਾ ਵਿਚ ਜ਼ਖ਼ਮੀ ਨੌਜਵਾਨਾਂ ਦੀ ਪਛਾਣ ਮਹਿਰਮਪੁਰ ਵਾਸੀ ਰਿੰਪਲ ਪੂਨੀ (29), ਮਨਦੀਪ ਸਿੰਘ (30) ਵਾਸੀ ਕਰਿਆਮ, ਸਾਹਿਲ (26) ਵਾਸੀ ਬੰਗਾ, ਸੂਜ਼ਨ (31) ਵਾਸੀ ਭਰੋਮਜਾਰਾ, ਹਰਪ੍ਰੀਤ (28) ਵਾਸੀ ਖਾਨਖਾਨਾ ਵਜੋਂ ਹੋਈ ਹੈ। ਪੁਲਿਸ ਨੇ ਇਸ ਮਾਮਲੇ ਸਬੰਧੀ ਕੇਸ ਦਰਜ ਕਰਨ ਤੋਂ ਬਾਅਦ ਕਿਹਾ ਕਿ ਇਹ ਮਾਮਲਾ ਪੁਰਾਣੀ ਰੰਜਿਸ਼ ਨਾਲ ਜੁੜਿਆ ਹੋਇਆ ਹੈ।
ਘਟਨਾ ਮਗਰੋਂ ਉੱਥੇ ਮੌਜੂਦ ਲੋਕਾਂ ਨੇ ਪੰਜਾਂ ਜ਼ਖ਼ਮੀਆਂ ਨੂੰ ਢਾਹਾਂ ਕਲੇਰਾਂ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਚ ਦਾਖ਼ਲ ਕਰਵਾਇਆ। ਉੱਥੇ ਮੌਜੂਦ ਡਾਕਟਰਾਂ ਨੇ ਸਾਰਿਆਂ ਦੀ ਹਾਲਤ ਗੰਭੀਰ ਹੋ ਜਾਣ ਕਾਰਨ ਮੁੱਢਲੀ ਸਹਾਇਤਾ ਦੇ ਕੇ ਲੁਧਿਆਣਾ ਲਈ ਭੇਜ ਦਿੱਤਾ।
ਗੁਰਦਾਸਪੁਰ ‘ਚ ਅਣਪਛਾਤੇ ਵਿਅਕਤੀ ਨੌਜਵਾਨ ਨੂੰ ਗੋਲੀ ਮਾਰ ਕੇ ਫਰਾਰ
ਇਸੇ ਤਰ੍ਹਾਂ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਘੁੰਮਣ ਕਲਾਂ ਤਹਿਤ ਆਉਂਦੇ ਇਲਾਕੇ ‘ਚ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਪਹਿਲਦੀਪ ਸਿੰਘ ਆਪਣੀ ਐਕਟਿਵਾ ‘ਤੇ ਆਪਣੇ ਘਰ ਘੁੰਮਣ ਕਲਾਂ ਜਾ ਰਿਹਾ ਸੀ ਕਿ ਵੱਡੇ ਘੁੰਮਣ ਪਿੰਡ ਨੇੜੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀ ਚਲਾ ਦਿੱਤੀ ਗਈ। ਗੋਲੀ ਪਹਿਲਦੀਪ ਸਿੰਘ ਦੇ ਗਲੇ ਨੂੰ ਛੂੰਹਦੀ ਹੋਈ ਨਿਕਲ ਗਈ, ਜਿਸ ਕਾਰਨ ਪਹਿਲਦੀਪ ਸਿੰਘ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਤੁਰੰਤ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਿਸ ਦੇ ਇੱਕ ਅਧਿਕਾਰੀ ਨੇ ਵਾਰਦਾਤ ਦੀ ਪੁਸ਼ਟੀ ਕੀਤੀ ਹੈ। ਪਹਿਲਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਸਾਬਕਾ ਵਿਧਾਇਕ ਹਰਬੰਸ ਸਿੰਘ ਘੁੰਮਣ ਦਾ ਪੋਤਰਾ ਹੈ।