#PUNJAB

ਪੰਜਾਬ ‘ਚ ਗਰਮੀ ਨੇ ਤੋੜੇ ਕਈ ਸਾਲਾਂ ਦੇ ਰਿਕਾਰਡ; ਤਾਪਮਾਨ 49 ਡਿਗਰੀ ਪਾਰ

– 3 ਦਿਨ ਰੈੱਡ, ਆਰੇਂਜ ਤੇ ਯੈਲੋ ਅਲਰਟ
ਜਲੰਧਰ, 29 ਮਈ (ਪੰਜਾਬ ਮੇਲ)- ਅੱਤ ਦੀ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ, ਜਿਸ ਕਾਰਨ ਲੋਕ ਪ੍ਰੇਸ਼ਾਨ ਹਨ। ਮੰਗਲਵਾਰ ਨੂੰ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ 49.3 ਡਿਗਰੀ ਦਰਜ ਕੀਤਾ ਗਿਆ, ਜਿਸ ਨੇ ਮਈ ਮਹੀਨੇ ਦਾ ਕਈ ਸਾਲਾਂ ਦਾ ਗਰਮੀ ਦਾ ਰਿਕਾਰਡ ਤੋੜ ਦਿੱਤਾ। ਮੌਸਮ ਵਿਭਾਗ ਨੇ ਗਰਮੀ ਵਧਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ‘ਚ ਪਾਰਾ 50 ਡਿਗਰੀ ਤੱਕ ਪਹੁੰਚ ਜਾਵੇਗਾ।
ਉਥੇ ਹੀ ਤੇਜ਼ੀ ਨਾਲ ਵੱਧ ਰਹੇ ਤਾਪਮਾਨ ਵਿਚਾਲੇ ਲੂ ਦੇ ਕਹਿਰ ਕਾਰਨ ਲੋਕਾਂ ਦਾ ਹਾਲ-ਬੇਹਾਲ ਹੋ ਰਿਹਾ ਹੈ, ਜਿਸ ਕਾਰਨ ਰੋਜ਼ਾਨਾ ਦਾ ਕੰਮਕਾਜ ਅਸਤ-ਵਿਅਸਤ ਹੋ ਕੇ ਰਹਿ ਗਿਆ ਹੈ। ਇਸ ਲੜੀ ਤਹਿਤ ਅਗਲੇ 3 ਦਿਨਾਂ ਲਈ ਜਾਰੀ ਅੰਕੜਿਆਂ ਅਨੁਸਾਰ 29 ਮਈ ਨੂੰ ਰੈੱਡ ਅਲਰਟ, 30 ਮਈ ਨੂੰ ਆਰੇਂਜ ਅਲਰਟ ਤੇ 31 ਮਈ ਨੂੰ ਯੈਲੋ ਅਲਰਟ ਐਲਾਨਿਆ ਗਿਆ ਹੈ। ਇਸ ਦੌਰਾਨ ਲੋਕਾਂ ਨੂੰ ਭਿਆਨਕ ਲੂ ਦਾ ਸਾਹਮਣਾ ਕਰਨਾ ਪਵੇਗਾ, ਜੋ ਕਿ ਗਰਮੀ ਦਾ ਕਹਿਰ ਵਧਾਉਣ ਵਾਲਾ ਸਾਬਿਤ ਹੋਵੇਗਾ।
ਤਾਪਮਾਨ ਦੇ ਹਿਸਾਬ ਨਾਲ ਬਠਿੰਡਾ (ਏਅਰਪੋਰਟ) ਦਾ ਵੱਧ ਤੋਂ ਵੱਧ ਤਾਪਮਾਨ 49.3, ਪਠਾਨਕੋਟ 47.5, ਬਰਨਾਲਾ 46.8, ਪਟਿਆਲਾ 46.6, ਅੰਮ੍ਰਿਤਸਰ 46.3, ਲੁਧਿਆਣਾ 46.2, ਫਰੀਦਕੋਟ 46, ਮੋਹਾਲੀ 44.9 ਤੇ ਗੁਰਦਾਸਪੁਰ 44 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ 30 ਮਈ ਤੋਂ ਤਾਜ਼ਾ ਪੱਛਮੀ ਦਬਾਅ ਕਈ ਖ਼ੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਸੂਬੇ ‘ਚ ਤਾਪਮਾਨ ਆਮ ਨਾਲੋਂ 6.5 ਡਿਗਰੀ ਸੈਲਸੀਅਸ ਵੱਧ ਹੈ। ਇਸ ਦੇ ਨਾਲ ਹੀ ਸੂਬੇ ਦੇ ਹੋਰਨਾਂ ਸ਼ਹਿਰਾਂ ਦੇ ਮੁਕਾਬਲੇ ਲੁਧਿਆਣਾ, ਬਠਿੰਡਾ, ਅੰਮ੍ਰਿਤਸਰ, ਪਟਿਆਲਾ, ਪਠਾਨਕੋਟ, ਆਦਮਪੁਰ, ਹਲਵਾਰਾ, ਫਰੀਦਕੋਟ ਤੇ ਚੰਡੀਗੜ੍ਹ ‘ਚ ਗਰਮੀ ਦਾ ਕਹਿਰ ਜ਼ਿਆਦਾ ਰਿਹਾ।