#PUNJAB

ਪੰਜਾਬ ‘ਚ ਕਰੀਬ 90 ਫੀਸਦੀ ਪੰਚਾਇਤਾਂ ‘ਤੇ ਸੱਤਾਧਾਰੀ ਧਿਰ ‘ਆਪ’ ਕਾਬਜ਼ ਹੋ ਗਈ

* ਸੂਬਾ ਸਰਕਾਰ ਨੇ ਤਿਆਰ ਕੀਤੀ ਰਿਪੋਰਟ, ਅਕਾਲੀ ਦਲ ਤੇ ਕਾਂਗਰਸ ਹਾਸ਼ੀਏ ‘ਤੇ
ਚੰਡੀਗੜ੍ਹ, 17 ਅਕਤੂਬਰ (ਪੰਜਾਬ ਮੇਲ)- ਪੰਜਾਬ ‘ਚ ਕਰੀਬ 90 ਫੀਸਦੀ ਪੰਚਾਇਤਾਂ ‘ਤੇ ਸੱਤਾਧਾਰੀ ਧਿਰ ‘ਆਪ’ ਕਾਬਜ਼ ਹੋ ਗਈ ਹੈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੱਲੇ ਨਮੋਸ਼ੀ ਪਈ ਹੈ। ਭਾਜਪਾ ਇਕੱਲੇ ਤੌਰ ‘ਤੇ ਪੇਂਡੂ ਚੋਣਾਂ ਵਿਚ ਪ੍ਰਦਰਸ਼ਨ ਨਹੀਂ ਕਰ ਸਕੀ ਹੈ। ਕਾਂਗਰਸ ਦੇ ਪੱਖ ਵਿਚ ਵੀ ਚੋਣ ਨਤੀਜੇ ਨਹੀਂ ਗਏ ਹਨ। ਪੰਜਾਬ ਸਰਕਾਰ ਬੁੱਧਵਾਰ ਸਮੁੱਚੀਆਂ ਪੰਚਾਇਤਾਂ ਦੇ ਨਤੀਜੇ ਦੀ ਘੋਖ ਕਰਨ ਵਿਚ ਉਲਝੀ ਰਹੀ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੀ ਸੂਚੀਆਂ ਤਿਆਰ ਕਰਦਾ ਰਿਹਾ, ਜਦੋਂ ਕਿ ਖੁਫੀਆ ਵਿੰਗ ਨੇ ਵੀ ਆਪਣੀ ਰਿਪੋਰਟ ਸਰਕਾਰ ਕੋਲ ਪੇਸ਼ ਕੀਤੀ ਹੈ। ਪੰਚਾਇਤ ਚੋਣਾਂ ਵਿਚ 77 ਫੀਸਦੀ ਪੋਲਿੰਗ ਹੋਈ ਸੀ।
ਪੰਜਾਬ ਸਰਕਾਰ ਦੀ ਆਪਣੀ ਰਿਪੋਰਟ ਅਨੁਸਾਰ ਆਮ ਆਦਮੀ ਪਾਰਟੀ ਦਾ ਪੰਚਾਇਤੀ ਚੋਣਾਂ ਵਿਚ ਹੱਥ ਉਪਰ ਰਿਹਾ ਹੈ। ਖੁਫੀਆ ਵਿੰਗ ਅਨੁਸਾਰ ਪੰਜਾਬ ਵਿਚ 92 ਫੀਸਦੀ ਪੰਚਾਇਤਾਂ ‘ਤੇ ਆਮ ਆਦਮੀ ਪਾਰਟੀ ਕਾਬਜ਼ ਹੋਣ ‘ਚ ਸਫਲ ਹੋ ਗਈ ਹੈ। ਮਾਲਵਾ ਖਿੱਤੇ ਵਿਚ ਭਾਜਪਾ ਨੂੰ ਪਿੰਡਾਂ ‘ਚੋਂ ਕੋਈ ਬਹੁਤਾ ਹੁੰਗਾਰਾ ਨਹੀਂ ਮਿਲਿਆ ਹੈ, ਜਦੋਂਕਿ ਮਾਝੇ ਵਿਚਲੇ ਗੜ੍ਹ ਵਿਚ ਕੁਝ ਸਫਲਤਾ ਭਾਜਪਾ ਦੀ ਝੋਲੀ ਪਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ਵਿਚ ਕੁੱਲ 422 ਪੰਚਾਇਤਾਂ ‘ਚੋਂ ਸਰਪੰਚੀ ਦੇ ਅਹੁਦੇ ‘ਤੇ 71.56 ਫੀਸਦੀ ਸਫਲਤਾ ‘ਆਪ’ ਨੂੰ ਮਿਲੀ ਹੈ ਅਤੇ ‘ਆਪ’ ਨੇ 302 ਪਿੰਡਾਂ ਦੀ ਸਰਪੰਚੀ ਜਿੱਤੀ ਹੈ, ਜਦੋਂ ਕਿ ਕਾਂਗਰਸ ਦੀ ਝੋਲੀ 22 ਪਿੰਡਾਂ ਦੀ ਸਰਪੰਚੀ ਪਈ ਹੈ। ਸ਼੍ਰੋਮਣੀ ਅਕਾਲੀ ਦਲ ਨੇ 10 ਪਿੰਡਾਂ ‘ਤੇ ਜਿੱਤ ਹਾਸਲ ਕੀਤੀ ਹੈ। ਬਲਾਕ ਧੂਰੀ ਦੀਆਂ 70 ਪੰਚਾਇਤਾਂ ‘ਚੋਂ 47 ਵਿਚ ‘ਆਪ’ ਜਿੱਤੀ ਹੈ, ਜਦੋਂ ਕਿ ਦੋ ਪਿੰਡਾਂ ਵਿਚ ਕਾਂਗਰਸ ਤੇ 11 ਪਿੰਡਾਂ ਵਿਚ ਆਜ਼ਾਦ ਜਿੱਤੇ ਹਨ। ਪਟਿਆਲਾ ਜ਼ਿਲ੍ਹੇ ਦੀਆਂ 1022 ਪੰਚਾਇਤਾਂ ‘ਚੋਂ 820 ਪਿੰਡਾਂ ਵਿਚ ਸਰਪੰਚੀ ਦੇ ਅਹੁਦੇ ‘ਆਪ’ ਦੇ ਹਿੱਸੇ ਹਨ, ਜੋ ਕਿ 80.23 ਫੀਸਦੀ ਬਣਦੇ ਹਨ। ਕਾਂਗਰਸ ਨੂੰ ਇਸ ਜ਼ਿਲ੍ਹੇ ਵਿਚ 52 ਪਿੰਡਾਂ ‘ਚ ਅਤੇ ਅਕਾਲੀ ਦਲ ਨੂੰ 23 ਪਿੰਡਾਂ ‘ਚ ਕਾਮਯਾਬੀ ਮਿਲੀ ਹੈ। ਫਤਹਿਗੜ੍ਹ ਜ਼ਿਲ੍ਹੇ ‘ਚ 429 ਪੰਚਾਇਤਾਂ ‘ਚੋਂ ‘ਆਪ’ ਨੇ 372 ਪਿੰਡਾਂ ਵਿਚ ਜਿੱਤ ਪ੍ਰਾਪਤ ਕੀਤੀ ਹੈ, ਜੋ ਕਿ 86.71 ਫੀਸਦੀ ਬਣਦੀ ਹੈ। ਕਾਂਗਰਸ ਨੇ 20 ਪਿੰਡਾਂ, ਅਕਾਲੀ ਦਲ ਨੇ 8 ਅਤੇ 29 ਪਿੰਡਾਂ ਵਿਚ ਆਜ਼ਾਦ ਜਿੱਤੇ ਹਨ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ‘ਚ 269 ਪੰਚਾਇਤਾਂ ‘ਚੋਂ 158 ਪਿੰਡਾਂ ਦੀ ਸਰਪੰਚੀ ‘ਆਪ’ ਦੇ ਹਿੱਸੇ ਆਈ ਹੈ, ਜਦੋਂ ਕਿ 41 ਪਿੰਡਾਂ ਵਿਚ ਅਕਾਲੀ ਦਲ ਦੇ ਸਰਪੰਚ ਅਤੇ 16 ਪਿੰਡਾਂ ਵਿਚ ਕਾਂਗਰਸ ਦੇ ਸਰਪੰਚ ਬਣੇ ਹਨ। ਹਲਕਾ ਲੰਬੀ ਦੇ 55 ਪਿੰਡਾਂ ਚੋਂ ‘ਆਪ’ ਨੂੰ 28 ਪਿੰਡਾਂ ‘ਚ, ਅਕਾਲੀ ਦਲ ਨੂੰ 20 ਪਿੰਡਾਂ ‘ਚ, ਕਾਂਗਰਸ ਨੂੰ ਪੰਜ ਪਿੰਡਾਂ ਅਤੇ ਦੋ ਪਿੰਡਾਂ ਵਿਚ ਆਜ਼ਾਦ ਜਿੱਤੇ ਹਨ।
‘ਆਪ’ ਦੇ ਦਾਅਵਿਆਂ ‘ਚ ਫੋਕਾਪਣ : ਪਰਗਟ ਸਿੰਘ
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ‘ਆਪ’ ਸਰਕਾਰ ਸੂਬੇ ਵਿਚ ਲਾਅ ਐਂਡ ਆਰਡਰ ਨੂੰ ਲੈ ਕੇ ਦਾਅਵੇ ਕਰ ਰਹੀ ਹੈ, ਉਸੇ ਤਰ੍ਹਾਂ ਦੇ ਦਾਅਵੇ ਪੰਚਾਇਤੀ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਗਲਤ ਅੰਕੜੇ ਪੇਸ਼ ਕਰਕੇ ਲੋਕ ਮਨਾਂ ਨੂੰ ਗੁੰਮਰਾਹ ਕਰਨ ਦੇ ਚੱਕਰ ਵਿਚ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਝੋਲੀ ਧਾਂਦਲੀਆਂ ਨੇ ਸਫਲਤਾ ਪਾਈ ਹੈ।