#PUNJAB

ਪੰਜਾਬ ‘ਚ ‘ਆਪ’ ਤੇ ਕਾਂਗਰਸ ਦਾ ਵੋਟ ਸ਼ੇਅਰ ਰਿਹਾ ਬਰਾਬਰ!

-ਭਾਜਪਾ ਰਹੀ ਤੀਜੇ ਸਥਾਨ ‘ਤੇ
– ਸ਼੍ਰੋਮਣੀ ਅਕਾਲੀ ਦਲ ਦੇ ਵੋਟ ਸ਼ੇਅਰ ‘ਚ ਭਾਰੀ ਗਿਰਾਵਟ ਆਈ
ਜਲੰਧਰ/ਚੰਡੀਗੜ੍ਹ, 6 ਜੂਨ (ਪੰਜਾਬ ਮੇਲ)- ਪੰਜਾਬ ‘ਚ 13 ਲੋਕ ਸਭਾ ਸੀਟਾਂ ਲਈ ਚੋਣ ਨਤੀਜੇ ਐਲਾਨਣ ਪਿੱਛੋਂ ਚੋਣ ਕਮਿਸ਼ਨ ਨੇ ਸੂਬੇ ‘ਚ ਵੱਖ-ਵੱਖ ਪਾਰਟੀਆਂ ਨੂੰ ਮਿਲੇ ਵੋਟ ਸ਼ੇਅਰ ਦੇ ਅੰਕੜੇ ਵੀ ਰਿਲੀਜ਼ ਕਰ ਦਿੱਤੇ ਹਨ। ਚੋਣ ਕਮਿਸ਼ਨ ਨੇ ਅੰਕੜਿਆਂ ਅਨੁਸਾਰ ਪੰਜਾਬ ‘ਚ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਵੋਟ ਸ਼ੇਅਰ 26-26 ਫ਼ੀਸਦੀ ਦੇ ਲਗਭਗ ਰਿਹਾ ਹੈ। ਹਾਲਾਂਕਿ ਕਾਂਗਰਸ ਨੇ 7 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ ਪਰ ਉਸ ਦਾ ਵੋਟ ਸ਼ੇਅਰ 30 ਫ਼ੀਸਦੀ ਤੋਂ ਘੱਟ ਹੋ ਕੇ 26.30 ਫ਼ੀਸਦੀ ‘ਤੇ ਪਹੁੰਚ ਗਿਆ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਵੋਟ ਸ਼ੇਅਰ ‘ਚ ਵੀ ਕਮੀ ਦਰਜ ਕੀਤੀ ਗਈ ਹੈ। ਉਸ ਦਾ ਵੋਟ ਸ਼ੇਅਰ 26.02 ਫ਼ੀਸਦੀ ਰਿਹਾ। ਵੋਟ ਸ਼ੇਅਰ ਦੇ ਹਿਸਾਬ ਨਾਲ ਕਾਂਗਰਸ ਪਹਿਲੇ ਸਥਾਨ ‘ਤੇ ਅਤੇ ਆਮ ਆਦਮੀ ਪਾਰਟੀ ਦੂਜੇ ਸਥਾਨ ‘ਤੇ ਰਹੀ।
ਸੂਬੇ ‘ਚ ਭਾਜਪਾ ਆਪਣੇ ਵੋਟ ਸ਼ੇਅਰ ਨੂੰ ਸਾਢੇ 12 ਫ਼ੀਸਦੀ ਤੋਂ ਵਧਾ ਕੇ 18.56 ਫ਼ੀਸਦੀ ਕਰਨ ‘ਚ ਕਾਮਯਾਬ ਰਹੀ ਹਾਲਾਂਕਿ ਉਸ ਨੂੰ 1 ਵੀ ਸੀਟ ‘ਤੇ ਜਿੱਤ ਹਾਸਲ ਨਹੀਂ ਹੋਈ। ਵੋਟ ਸ਼ੇਅਰ ਦੇ ਹਿਸਾਬ ਨਾਲ ਭਾਜਪਾ ਤੀਜੇ ਸਥਾਨ ‘ਤੇ ਰਹੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵੋਟ ਸ਼ੇਅਰ ‘ਚ ਭਾਰੀ ਗਿਰਾਵਟ ਆਈ ਹੈ। ਪਹਿਲਾਂ ਅਕਾਲੀ ਦਲ ਦੀ ਵੋਟ ਸ਼ੇਅਰ 25 ਫ਼ੀਸਦੀ ਤੋਂ ਵੱਧ ਹੁੰਦੀ ਸੀ, ਜਦਕਿ ਇਸ ਵਾਰ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਅਕਾਲੀ ਦਲ ਦੀ ਵੋਟ ਸ਼ੇਅਰ 13.42 ਫ਼ੀਸਦੀ ਰਹੀ। ਵੋਟ ਸ਼ੇਅਰ ਦੇ ਹਿਸਾਬ ਨਾਲ ਅਕਾਲੀ ਦਲ ਚੌਥੇ ਸਥਾਨ ‘ਤੇ ਰਿਹਾ, ਜਦਕਿ ਆਜ਼ਾਦ ਉਮੀਦਵਾਰਾਂ ਨੇ ਵੀ ਸ੍ਰੀ ਖਡੂਰ ਸਾਹਿਬ ਅਤੇ ਫਰੀਦਕੋਟ ਲੋਕ ਸਭਾ ਦੀਆਂ ਸੀਟਾਂ ਜਿੱਤੀਆਂ ਹਨ ਅਤੇ ਉਨ੍ਹਾਂ ਦਾ ਵੋਟ ਸ਼ੇਅਰ 12.51 ਫ਼ੀਸਦੀ ਰਿਹਾ।
ਬਹੁਜਨ ਸਮਾਜ ਪਾਰਟੀ ਦੇ ਵੋਟ ਸ਼ੇਅਰ ‘ਚ ਵੀ ਭਾਰੀ ਗਿਰਾਵਟ ਆਈ ਹੈ। ਇਸ ਵਾਰ ਲੋਕ ਸਭਾ ਚੋਣਾਂ ‘ਚ ਬਸਪਾ ਦਾ ਵੋਟ ਸ਼ੇਅਰ ਸਿਰਫ਼ 2.49 ਫ਼ੀਸਦੀ ਰਿਹਾ। ਸੀ.ਪੀ.ਆਈ. ਦਾ ਵੋਟ ਸ਼ੇਅਰ 0.16 ਫ਼ੀਸਦੀ ਅਤੇ ਸੀ.ਪੀ.ਐੱਮ. ਦਾ ਵੋਟ ਸ਼ੇਅਰ 0.04 ਫ਼ੀਸਦੀ ਰਿਹਾ। ਨੋਟਾ ਦਾ ਵੋਟ ਸ਼ੇਅਰ 0.49 ਫ਼ੀਸਦੀ ਰਿਹਾ। ਪੰਜਾਬ ਦੀਆਂ ਵੱਖ-ਵੱਖ ਸੀਟਾਂ ‘ਤੇ ਬਹੁਕੋਣੀ ਮੁਕਾਬਲੇ ਹੋਣ ਕਾਰਨ ਵੋਟ ਸ਼ੇਅਰ ਵੀ ਵੱਖ-ਵੱਖ ਪਾਰਟੀਆਂ ‘ਚ ਵੰਡੀ ਗਈ ਹੈ। ਕਿਸੇ ਦਾ ਵੋਟ ਸ਼ੇਅਰ ਪਹਿਲੇ ਦੀ ਤੁਲਨਾ ‘ਚ ਘਟੀ ਹੈ ਤਾਂ ਕਿਸੇ ਦੀ ਵੱਧ ਗਈ ਹੈ।