#PUNJAB

ਪੰਜਾਬ ਕੈਬਨਿਟ ‘ਚ ਫੇਰਬਦਲ; 5 ਨਵੇਂ ਚਿਹਰੇ ਬਣਾਏ ਗਏ ਮੰਤਰੀ

-ਦੋਆਬਾ ਨੂੰ ਮਿਲੇ ਦੋ ਮੰਤਰੀ, ਹੁਸ਼ਿਆਰਪੁਰ ਤੋਂ ਡਾ. ਰਵਜੋਤ ਸਿੰਘ ਤੇ ਜਲੰਧਰ ਤੋਂ ਮੋਹਿੰਦਰ ਭਗਤ ਨੇ ਚੁੱਕੀ ਸਹੁੰ
ਜਲੰਧਰ, 23 ਸਤੰਬਰ (ਪੰਜਾਬ ਮੇਲ)- ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਿਚ ਅੱਜ ਫੇਰਬਦਲ ਕੀਤਾ ਗਿਆ ਹੈ। ਇਸ ਦੌਰਾਨ 5 ਨਵੇਂ ਚਿਹਰਿਆਂ ਨੂੰ ਮੰਤਰੀ ਬਣਾਇਆ ਗਿਆ ਹੈ, ਜਦਕਿ 4 ਮੰਤਰੀਆਂ ਦੀ ਕੈਬਨਿਟ ਵਿਚੋਂ ਛੁੱਟੀ ਕੀਤੀ ਗਈ ਹੈ। ਦੋਆਬਾ ਨੂੰ ਅੱਜ ਦੋ ਨਵੇਂ ਮੰਤਰੀ ਮਿਲ ਗਏ ਹਨ। ਹੁਸ਼ਿਆਰਪੁਰ ਤੋਂ ਡਾ. ਰਵਜੋਤ ਸਿੰਘ ਅਤੇ ਜਲੰਧਰ ਤੋਂ ਵੈਸਟ ਹਲਕੇ ਦੇ ਵਿਧਾਇਕ ਮੋਹਿੰਦਰ ਭਗਤ ਨੇ ਚੰਡੀਗੜ੍ਹ ਵਿਖੇ ਰਾਜ ਭਵਨ ਵਿਚ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਇਥੇ ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਢਾਈ ਸਾਲ ਦੇ ਅੰਦਰ ਚੌਥੀ ਵਾਰ ਕੈਬਨਿਟ ਵਿਚ ਬਦਲਾਅ ਕੀਤਾ ਗਿਆ ਹੈ, ਜਿਸ ਦੇ ਲਈ 5 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ ਹੈ।
ਨਵੇਂ ਕੈਬਨਿਟ ਮੰਤਰੀਆਂ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਹੁੰ ਚੁਕਾਈ। ਪੰਜਾਬ ਕੈਬਨਿਟ ਦੇ ਨਵੇਂ ਚਿਹਰਿਆਂ ਵਿਚ ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ, ਸ਼ਾਮ ਚੁਰਾਸੀ ਤੋਂ ਵਿਧਾਇਕ ਡਾ. ਰਵੀਜੋਤ ਸਿੰਘ, ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ, ਜਲੰਧਰ ਪੱਛਮੀ ਤੋਂ ਮਹਿੰਦਰ ਭਗਤ ਅਤੇ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਸ਼ਾਮਲ ਹਨ।
ਇਥੇ ਦੱਸਣਯੋਗ ਹੈ ਕਿ ਕੈਬਨਿਟ ਵਿਚੋਂ ਚੇਤਨ ਸਿੰਘ ਜੌੜਾਮਾਜਰਾ, ਬ੍ਰਹਮ ਸ਼ੰਕਰ ਜਿੰਪਾ, ਬਲਕਾਰ ਸਿੰਘ ਅਤੇ ਅਨਮੋਲ ਗਗਨ ਮਾਨ ਦੀ ਪੰਜਾਬ ਮੰਤਰੀ ਮੰਡਲ ਵਿਚੋਂ ਛੁੱਟੀ ਹੋਈ ਹੈ। ਚਾਰ ਮੰਤਰੀਆਂ ਦੀ ਛੁੱਟੀ ਕਰਕੇ ਪੰਜ ਨਵੇਂ ਚਿਹਰਿਆਂ ਨੂੰ ਕੈਬਨਿਟ ਵਿਚ ਜਗ੍ਹਾ ਦਿੱਤੀ ਗਈ ਹੈ। ਲੋਕ ਸਭਾ ਚੋਣਾਂ ਮਗਰੋਂ ਕੈਬਨਿਟ ਵਿਚ ਫੇਰਬਦਲ ਹੋਣ ਦੇ ਚਰਚੇ ਸ਼ੁਰੂ ਹੋ ਗਏ ਸਨ ਅਤੇ ‘ਆਪ’ ਨੇ ‘ਮਾੜੀ ਕਾਰਗੁਜ਼ਾਰੀ’ ਦੇ ਆਧਾਰ ‘ਤੇ ਚਾਰ ਮੰਤਰੀਆਂ ਦੀ ਛਾਂਟੀ ਦਾ ਫ਼ੈਸਲਾ ਕੀਤਾ ਸੀ। ‘ਆਪ’ ਸਰਕਾਰ ਦੇ ਢਾਈ ਸਾਲ ਤੋਂ ਵੱਧ ਦੇ ਕਾਰਜਕਾਲ ਦੌਰਾਨ ਪੰਜਾਬ ਵਜ਼ਾਰਤ ਵਿਚ ਇਹ ਚੌਥਾ ਫੇਰਬਦਲ ਹੈ।