#PUNJAB

ਪੰਜਾਬ ਕਾਂਗਰਸ ਵੱਲੋਂ 5 ਲੋਕ ਸਭਾ ਸੀਟਾਂ ‘ਤੇ ਸਥਿਤੀ ਅਸਪੱਸ਼ਟ

-ਰਾਣਾ ਪਰਿਵਾਰ ਪੈ ਰਿਹਾ ਭਾਰੀ
ਚੰਡੀਗੜ੍ਹ, 24 ਅਪ੍ਰੈਲ (ਪੰਜਾਬ ਮੇਲ)- ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਅੰਦਰ ਖਾਤੇ ਬਗਾਵਤ ਝੱਲਣੀ ਪੈ ਰਹੀ ਹੈ। ਕਈ ਲੀਡਰ ਪਾਰਟੀ ਛੱਡ ਕੇ ਦੂਜਿਆਂ ਨਾਲ ਮਿਲ ਗਏ ਹਨ ਅਤੇ ਕਈ ਹਾਲੇ ਵੀ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਹਨ। ਹਾਲਤ ਇਹ ਹੋ ਗਈ ਹੈ ਕਿ ਪੰਜਾਬ ਕਾਂਗਰਸ ਹਾਲੇ ਤੱਕ 5 ਸੀਟਾਂ ‘ਤੇ ਸਥਿਤੀ ਸਪੱਸ਼ਟ ਨਹੀਂ ਕਰ ਸਕੀ। ਅਜੇ ਵੀ ਇਨ੍ਹਾਂ 5 ਸੀਟਾਂ ‘ਤੇ ਪੇਚ ਫਸਿਆ ਹੋਇਆ ਹੈ।
ਪੰਜਾਬ ਕਾਂਗਰਸ ਇਸ ਨੂੰ ਲੈ ਕੇ ਵਿਚਾਰ-ਵਟਾਂਦਰੇ ਵਿਚ ਰੁੱਝੀ ਹੋਈ ਹੈ। ਉਮੀਦ ਹੈ ਕਿ ਇਹ ਸੂਚੀ ਵੀ 27 ਅਪ੍ਰੈਲ ਤੋਂ ਪਹਿਲਾਂ ਜਾਰੀ ਕਰ ਦਿੱਤੀ ਜਾਵੇਗੀ। ਕਾਂਗਰਸ ਸਕਰੀਨਿੰਗ ਕਮੇਟੀ ਵੱਲੋਂ ਹਰੇਕ ਹਲਕੇ ਤੋਂ ਚਾਰ ਦਾਅਵੇਦਾਰਾਂ ਦੇ ਨਾਂ ਭੇਜੇ ਗਏ ਸਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੇਂਦਰੀ ਕਮੇਟੀ ਨੇ ਹੁਣ ਦੋ ਦਾਅਵੇਦਾਰਾਂ ਦੇ ਨਾਂ ਮੰਗੇ ਹਨ। ਇਨ੍ਹਾਂ ਵਿਚੋਂ ਨਾਮ ਫਾਈਨਲ ਕੀਤਾ ਜਾਣਾ ਹੈ।
ਇਸ ਤੋਂ ਇਲਾਵਾ ਪਾਰਟੀ ਪਿਛਲੇ ਦਿਨੀਂ ਕੀਤੇ ਗਏ ਸਰਵੇਖਣਾਂ ਨੂੰ ਵੀ ਆਧਾਰ ਬਣਾ ਰਹੀ ਹੈ। ਹਾਲਾਂਕਿ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹਿਲਾਂ ਹੀ ਦਾਅਵਾ ਕਰ ਚੁੱਕੇ ਹਨ ਕਿ ਸਥਾਨਕ ਅਤੇ ਮਜ਼ਬੂਤ ਚਿਹਰਿਆਂ ਨੂੰ ਹੀ ਪਾਰਟੀ ਉਮੀਦਵਾਰ ਬਣਾਇਆ ਜਾਵੇਗਾ।
ਸੂਤਰਾਂ ਅਨੁਸਾਰ ਰਾਣਾ ਗੁਰਜੀਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਇੰਦਰਪ੍ਰੀਤ ਸਿੰਘ ਨੂੰ ਲੋਕ ਸਭਾ ਹਲਕਿਆਂ ਸ੍ਰੀ ਆਨੰਦਪੁਰ ਸਾਹਿਬ ਜਾਂ ਖਡੂਰ ਸਾਹਿਬ ਤੋਂ ਟਿਕਟ ਮਿਲਣੀ ਯਕੀਨੀ ਹੈ। ਰਾਣਾ ਆਪਣੇ ਪੁੱਤਰ ਨੂੰ ਚੋਣ ਮੈਦਾਨ ਵਿਚ ਉਤਾਰਨ ਦੇ ਚਾਹਵਾਨ ਹਨ। ਹਾਲਾਂਕਿ ਰਾਣਾ ਸ੍ਰੀ ਆਨੰਦਪੁਰ ਸਾਹਿਬ ਵਿਚ ਵੀ ਜ਼ਿਆਦਾ ਦਿਲਚਸਪੀ ਦਿਖਾ ਰਹੇ ਹਨ।
ਇਸ ਦੇ ਨਾਲ ਹੀ ਹਿੰਦੂ ਚਿਹਰਿਆਂ ਨੂੰ ਵੀ ਟਿਕਟਾਂ ਦੇਣ ਦੀ ਚਰਚਾ ਹੈ। ਅਜਿਹੇ ‘ਚ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਦਾ ਦਾਅਵਾ ਮਜ਼ਬੂਤ ਹੁੰਦਾ ਜਾ ਰਿਹਾ ਹੈ। ਜਦਕਿ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਸੰਜੇ ਤਲਵਾੜ ਲੁਧਿਆਣਾ ਤੋਂ ਟਿਕਟ ਦੀ ਦੌੜ ਵਿਚ ਹਨ।
ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਹਾੜਾ ਅਤੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਨਾਂ ਚੱਲ ਰਹੇ ਹਨ। ਹਾਲਾਂਕਿ ਸੁਖਜਿੰਦਰ ਸਿੰਘ ਰੰਧਾਵਾ ਵੀ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ। ਇਸ ਤੋਂ ਇਲਾਵਾ ਸਾਬਕਾ ਵਿਧਾਇਕ ਅਮਿਤ ਵਿੱਜ ਅਤੇ ਨਰੇਸ਼ ਪੁਰੀ ਵੀ ਟਿਕਟ ਦੀ ਦੌੜ ਵਿਚ ਹਨ। ਕਾਂਗਰਸ ਫਿਰੋਜ਼ਪੁਰ ਨੂੰ ਲੈ ਕੇ ਵੀ ਬਹਿਸ ਕਰ ਰਹੀ ਹੈ।
ਕਾਂਗਰਸ ਨੇ ਹੁਣ ਤੱਕ ਅੱਠ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ, ਜਲੰਧਰ ਤੋਂ ਚਰਨਜੀਤ ਸਿੰਘ ਚੰਨੀ, ਫਤਿਹਗੜ੍ਹ ਸਾਹਿਬ ਤੋਂ ਡਾ: ਅਮਰ ਸਿੰਘ, ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ, ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਅਤੇ ਪਟਿਆਲਾ ਤੋਂ ਡਾ: ਧਰਮਵੀਰ ਗਾਂਧੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਦੂਜੀ ਸੂਚੀ ਵਿਚ ਹੁਸ਼ਿਆਰਪੁਰ ਤੋਂ ਯਾਮਿਨੀ ਗੋਮਰ ਅਤੇ ਫਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ ਦੇ ਨਾਂ ਸ਼ਾਮਲ ਕੀਤੇ ਗਏ ਹਨ।