#PUNJAB

ਪੰਜਾਬ ਐੱਚ.ਆਈ.ਵੀ. ਪਾਜ਼ੀਟਿਵ ਦਰ ‘ਚ ਤੀਜੇ ਸਥਾਨ ‘ਤੇ ਪਹੁੰਚਿਆ

ਚੰਡੀਗੜ੍ਹ, 18 ਅਪ੍ਰੈਲ (ਪੰਜਾਬ ਮੇਲ)- ਪੰਜਾਬ ‘ਚ ਨਸ਼ਿਆਂ ਨਾਲ ਪੈਣ ਵਾਲੇ ਮਾੜੇ ਸਿਹਤ ਪ੍ਰਭਾਵਾਂ ਦੀ ਰੋਕਥਾਮ ਲਈ ਜਿੱਥੇ ਸੂਬਾ ਸਰਕਾਰ ਵੱਲੋਂ ਸੂਬੇ ‘ਚ ‘ਯੁੱਧ ਨਸ਼ਿਆਂ ਵਿਰੁੱਧ’ ਜਿਹੀ ਵਿਆਪਕ ਮੁਹਿੰਮ ਚਲਾਈ ਜਾ ਰਹੀ ਹੈ, ਉੱਥੇ ਹੀ ਸੂਬੇ ਨੂੰ ਹੁਣ ਇਕ ਹੋਰ ਵੱਡੀ ਸਿਹਤ ਚਿੰਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਕਿ ਐੱਚ.ਆਈ.ਵੀ./ਏਡਜ਼ ਦੇ ਟੈਸਟਾਂ ਦੌਰਾਨ ਪਾਈ ਜਾ ਰਹੀ ਪਾਜ਼ੀਟਿਵ ਦਰ ਵਿਚ ਚਿੰਤਾਜਨਕ ਵਾਧਾ ਹੈ। ਕੇਂਦਰੀ ਸਿਹਤ ਮੰਤਰਾਲੇ ਦੀ 2024-25 ਦੀ ਰਿਪੋਰਟ ਵਿਚ ਸਾਂਝੇ ਕੀਤੇ ਅੰਕੜਿਆਂ ਅਨੁਸਾਰ ਪੰਜਾਬ ਦੇਸ਼ ਭਰ ਦੇ ਐੱਚ.ਆਈ.ਵੀ. ਟੈਸਟਾਂ ਦੌਰਾਨ ਪਾਈ ਜਾ ਰਹੀ ਪਾਜ਼ੀਟਿਵ ਦਰ ‘ਚ ਤੀਜੇ ਸਥਾਨ ‘ਤੇ ਹੈ।
ਸਿਹਤ ਮੰਤਰਾਲੇ ਵੱਲੋਂ ਜਾਰੀ ਰਿਪੋਰਟ ਅਨੁਸਾਰ ਪੂਰੇ ਦੇਸ਼ ‘ਚ ਇਹ ਐੱਚ.ਆਈ.ਵੀ. ਵਾਧਾ ਦਰ ਮਿਜ਼ੋਰਮ ‘ਚ 2.1 ਫੀਸਦੀ, ਅਸਾਮ ‘ਚ 1.74 ਫ਼ੀਸਦੀ, ਪੰਜਾਬ ‘ਚ 1.27, ਮੇਘਾਲਿਆ 1.21 ਫੀਸਦੀ, ਨਾਗਾਲੈਂਡ 1.12 ਫੀਸਦੀ, ਤ੍ਰਿਪੁਰਾ 1.06 ਫੀਸਦੀ, ਤੇਲੰਗਾਨਾ 0.81 ਫੀਸਦੀ, ਅਰੁਣਾਚਲ ਪ੍ਰਦੇਸ਼ 0.75 ਫੀਸਦੀ, ਦਿੱਲੀ 0.74 ਫੀਸਦੀ, ਆਂਧਰਾ ਪ੍ਰਦੇਸ਼ 0.71 ਫੀਸਦੀ, ਹਰਿਆਣਾ 0.67 ਫੀਸਦੀ, ਚੰਡੀਗੜ੍ਹ 0.65 ਫ਼ੀਸਦੀ ਅਤੇ ਰਾਸ਼ਟਰੀ ਪੱਧਰ ‘ਤੇ ਇਹ ਦਰ 0.41 ਫੀਸਦੀ ਹੈ। ਰਿਪੋਰਟ ਅਨੁਸਾਰ ਪੰਜਾਬ ‘ਚ ਐੱਚ.ਆਈ.ਵੀ. ਦੇ ਵਾਧੇ ਦਾ ਮੁੱਖ ਕਾਰਨ ਸੂਬੇ ਦੇ ਨਸ਼ੇੜੀਆਂ ਵੱਲੋਂ ਨਸ਼ੇ ਦੀ ਪੂਰਤੀ ਲਈ ਅਸੁਰੱਖਿਅਤ ਤਰੀਕੇ ਨਾਲ ਆਪਸ ਵਿਚ ਸਾਂਝੀਆ ਕੀਤੀਆਂ ਜਾ ਰਹੀ ਸਰਿੰਜਾਂ ਵਾਲੀਆਂ ਸੂਈਆਂ ਹਨ। ਇਸ ਤੋਂ ਇਲਾਵਾ ਇਹ ਵਾਇਰਸ ਅਸੁਰੱਖਿਅਤ ਜਿਨਸੀ ਸੰਪਰਕ, ਦੂਸ਼ਿਤ ਖੂਨ ਅਤੇ ਮਾਂ ਤੋਂ ਬੱਚੇ ਦੇ ਜਣੇਪੇ ਜਾਂ ਛਾਤੀ ਦਾ ਦੁੱਧ ਚੁੰਘਾਉਣ ਦੁਆਰਾ ਵਿਆਪਕ ਪੱਧਰ ‘ਤੇ ਫੈਲ ਰਿਹਾ ਹੈ। ਸੂਬੇ ਵਿਚ ਇਸ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ, ਪੰਜਾਬ ਦੇ ਸਿਹਤ ਅਧਿਕਾਰੀਆਂ ਨੇ ਐੱਚ.ਆਈ.ਵੀ. ਦੇ ਫੈਲਣ ਨੂੰ ਰੋਕਣ ਲਈ ਯਤਨ ਤੇਜ਼ ਕਰ ਦਿੱਤੇ ਹਨ।