#AMERICA

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਵੱਲੋਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ 19 ਨੂੰ

-ਮਰਹੂਮ ਪੰਜਾਬੀ ਕਵੀ ਸੁਰਜੀਤ ਪਾਤਰ ਨੂੰ ਸਮਰਪਿਤ ਹੋਵੇਗੀ ਕਾਨਫਰੰਸ
ਸੈਕਰਾਮੈਂਟੋ, 15 ਮਈ (ਪੰਜਾਬ ਮੇਲ)- ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਵੱਲੋਂ 20ਵੀਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ 19 ਮਈ, ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਪੂਜਾ ਰੈਸਟੋਰੈਂਟ, 1223 Merkely Ave. West Sacramento, 95691 ਵਿਖੇ ਕਰਵਾਈ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਦਿਲ ਨਿੱਜਰ ਅਤੇ ਜਨਰਲ ਸਕੱਤਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।
ਇਹ ਕਾਨਫਰੰਸ ਮਰਹੂਮ ਪੰਜਾਬੀ ਕਵੀ ਸੁਰਜੀਤ ਪਾਤਰ ਨੂੰ ਸਮਰਪਿਤ ਹੋਵੇਗੀ। ਦੇਸ਼ਾਂ-ਵਿਦੇਸ਼ਾਂ ਤੋਂ ਨਾਮਵਰ ਸਾਹਿਤਕਾਰ ਅਤੇ ਬੁੱਧੀਜੀਵੀ ਇਸ ਕਾਨਫਰੰਸ ਵਿਚ ਪਹੁੰਚਣਗੇ। ਟੋਰਾਂਟੋ ਤੋਂ ਡਾ. ਦਲਬੀਰ ਸਿੰਘ ਕਥੂਰੀਆ, ਡਾ. ਪ੍ਰਗਟ ਸਿੰਘ ਬੱਗਾ ਅਤੇ ਪ੍ਰਿਥੀਪਾਲ ਸਿੰਘ ਚੱਗੜ, ਇੰਡੀਆ ਤੋਂ ਪ੍ਰੀਤਮ ਸਿੰਘ ਭਰੋਵਾਲ ਅਤੇ ਅਮਰ ਸਿੰਘ ਸੂਫੀ, ਸਰੀ ਕੈਨੇਡਾ ਤੋਂ ਰਘਬੀਰ ਸਿੰਘ ਭਰੋਵਾਲ, ਸਿਆਟਲ ਤੋਂ ਹਰਦਿਆਲ ਸਿੰਘ ਚੀਮਾ, ਲਾਲੀ ਸੰਧੂ ਆਪਣੇ ਸਾਥੀਆਂ ਸਮੇਤ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਬੇਅ-ਏਰੀਆ, ਸਟਾਕਟਨ, ਫਰਿਜ਼ਨੋ ਦੀਆਂ ਸਾਹਿਤ ਸਭਾਵਾਂ ਵੀ ਇਸ ਮੌਕੇ ਪਹੁੰਚ ਕੇ ਕਾਨਫਰੰਸ ਦੀ ਰੌਣਕ ਨੂੰ ਵਧਾਉਣਗੀਆਂ। ਉੱਘੇ ਹਾਲੀਵੁੱਡ ਫਿਲਮ ਨਿਰਮਾਤਾ, ਨਿਰਦੇਸ਼ਕ ਅਤੇ ਲੇਖਕ ਕਵੀ ਰਾਜ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਸੋਵੀਨਾਰ ਵੀ ਰਿਲੀਜ਼ ਕੀਤਾ ਜਾਵੇਗਾ। ਚੇਤਨਾ ਪ੍ਰਕਾਸ਼ਨ ਦੇ ਸਤੀਸ਼ ਗੁਲਾਟੀ ਵੱਲੋਂ ਪੰਜਾਬੀ ਕਿਤਾਬਾਂ ਦੀ ਨੁਮਾਇਸ਼ ਲਗਾਈ ਜਾਵੇਗੀ।
ਕਾਨਫਰੰਸ ਦੌਰਾਨ ਜਿੱਥੇ ਪੰਜਾਬੀ ਭਾਸ਼ਾ ਬਾਰੇ ਖੁੱਲ੍ਹ ਕੇ ਵਿਚਾਰ-ਵਟਾਂਦਰੇ ਹੋਣਗੇ, ਉਥੇ ਕਵੀ ਸੰਮੇਲਨ ਅਤੇ ਗੀਤ-ਸੰਗੀਤ ਵੀ ਹੋਵੇਗਾ। ਇਸ ਮੌਕੇ ਖਾਣੇ ਦਾ ਖਾਸ ਪ੍ਰਬੰਧ ਹੋਵੇਗਾ। ਕਾਨਫਰੰਸ ‘ਚ ਸ਼ਾਮਲ ਹੋਣ ਲਈ ਐਂਟਰੀ ਮੁਫਤ ਹੈ। ਹੋਰ ਜਾਣਕਾਰੀ ਲਈ ਫੋਨ ਨੰਬਰ 916-320-9444 ਜਾਂ 916-628-2210 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਜਾਂ ਸਫਾ ਨੰਬਰ 2 ‘ਤੇ ਲੱਗੇ ਇਸ਼ਤਿਹਾਰ ਤੋਂ ਜਾਣਕਾਰੀ ਲਈ ਜਾ ਸਕਦੀ ਹੈ।