ਸਿਆਟਲ, 15 ਮਈ (ਪੰਜਾਬ ਮੇਲ)- ਸੱਤ ਸਮੁੰਦਰੋਂ ਪਾਰ ਅਮਰੀਕਾ ਦੀ ਸਰਜਮੀਂ ‘ਤੇ, ਆਪਣੇ ਝੰਡੇ ਗੱਡੀ ਬੈਠੇ, ਮਾਂ ਬੋਲੀ ਪੰਜਾਬੀ ਦੇ ਸਪੁੱਤਰ, ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.) ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ, ਪੰਜਾਬੀ ਭਾਸ਼ਾ-ਬੋਲੀ ਦੇ ਸਰਬ ਪੱਖੀ ਵਿਕਾਸ ਲਈ ਕੀਤੇ ਆਪਣੇ ਤਹੱਈਏ ਨੂੰ ਅਮਲੀ ਜਾਮਾ ਪਹਿਨਾਉਣ ਲਈ, ਨਿਰੰਤਰ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਦੀ ਲੜੀ ਵਿਚ ਇਕ ਹੋਰ ਵਾਧਾ ਕੀਤਾ ਹੈ। ਸਿੰਘ ਸਭਾ ਗੁਰਦੁਆਰਾ ਰੈਨਟਨ (ਵਾਸ਼ਿੰਗਟਨ) ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ 11 ਮਈ, 2024 ਵਾਲੇ ਨਗਰ ਕੀਰਤਨ ਵਿਚ ਸਭਾ ਦਾ ਤੰਬੂ (ਬੂਥ) ਲਗਾ ਕੇ ਆਪਣੀ ਹਾਜ਼ਰੀ ਪੱਕੀ ਕੀਤੀ। ਨਗਰ ਕੀਰਤਨ ਦਾ ਹਿੱਸਾ ਬਣੀ ਸਮੂਹ ਸੰਗਤ ਨੂੰ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਸੰਬੰਧੀ ਜਾਣਕਾਰੀ ਦਿੱਤੀ, ਕਿਤਾਬੀ-ਲੰਗਰ ਲਾਇਆ ਗਿਆ, ਜਿਸ ਵਿਚ ਸਮਾਜ ਨੂੰ ਸੇਧ ਦੇਣ ਵਾਲੇ ਵਿਸ਼ਿਆਂ ਨਾਲ ਸੰਬੰਧਿਤ ਪੁਸਤਕਾਂ ਪੰਜਾਬੀ ਪਾਠਕਾਂ ਨੂੰ ਵੰਡੀਆਂ ਗਈਆਂ। ਸਮੂਹ ਸੰਗਤ ਨਾਲ ਇਹ ਗੱਲ ਸਾਂਝੀ ਕੀਤੀ ਗਈ ਕਿ ਸਾਡੇ ਕੋਲ ਉਪਲਬਧ ਕਿਤਾਬਾਂ ਵਿਚੋਂ ਜਿਹੜੀ ਵੀ ਚੰਗੀ ਲੱਗੇ, ਲੈ ਜਾਉ, ਨਿੱਠ ਕੇ ਪੜ੍ਹੋ, ਅਗਲੇ ਕਿਸੇ ਪ੍ਰੋਗਰਾਮ ਵਿਚ ਉਹ ਵਾਪਸ ਦੇ ਜਾਉ ਅਤੇ ਹੋਰ ਲੈ ਜਾਉ। ਇਸ ਗੱਲ ਲਈ ਵੀ ਬੇਨਤੀ ਕੀਤੀ ਗਈ ਕਿ ਕਿਸੇ ਲੇਖਕ ਦੀਆਂ ਛਪੀਆਂ ਕਿਤਾਬਾਂ ਜਾਂ ਕਿਸੇ ਕੋਲ ਅਲਮਾਰੀਆਂ ‘ਚ ਸੰਭਾਲੀਆਂ ਕਿਤਾਬਾਂ ਪਈਆਂ ਹੋਣ, ਤਾਂ ਸਭਾ ਕੋਲ ਜਮਾਂ ਕਰਵਾਉ, ਤਾਂ ਕਿ ਪੜ੍ਹਣ ਲਈ ਇਕ ਦੂਜੇ ਕੋਲ ਕਿਤਾਬਾਂ ਪਹੁੰਚਾਉਣ ਦਾ ਸਰਕਲ ਬਣਾਇਆ ਜਾ ਸਕੇ।
ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.) ਨਾਲ ਜੁੜ ਕੇ ਪੰਜਾਬੀ ਦੀ ਪ੍ਰਫੁੱਲਤਾ ਲਈ ਯਤਨਾਂ ਵਿਚ ਹਿੱਸਾ ਪਾਉਣ ਲਈ ਵੀ ਸੰਗਤ ਨੂੰ ਬੇਨਤੀ ਕੀਤੀ ਗਈ, ਸਭਾ ਦੇ ਉਦੇਸ਼ਾਂ ਅਤੇ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਗਈ। ਇਸ ਕਾਰਜ ਲਈ ਲੋਕਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਕਈ ਭੈਣਾਂ, ਵੀਰਾਂ, ਬਜ਼ੁਰਗਾਂ ਨੇ ਸਭਾ ਦੀਆਂ ਮੀਟਿੰਗਾਂ ਅਤੇ ਪ੍ਰੋਗਰਾਮਾਂ ਵਿਚ ਹਾਜ਼ਰੀ ਲਵਾਉਣ ਦਾ ਵਾਅਦਾ ਵੀ ਕੀਤਾ। ਕਈਆਂ ਨੇ ਸਭਾ ਦੀ ਮੈਂਬਰਸ਼ਿਪ ਵੀ ਲਈ।
ਹਰ ਵਰਗ ਦੇ ਲੋਕਾਂ ਵਿਚ ਮਾਂ-ਬੋਲੀ ਪ੍ਰਤੀ ਪਿਆਰ ਸਤਿਕਾਰ ਵੇਖਕੇ ਸਭਾ ਦੇ ਹਾਜ਼ਰ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸੰਤੁਸ਼ਟੀ ਜ਼ਾਹਰ ਕਰਦਿਆਂ ਆਪਣੇ ਯਤਨਾਂ ਵਿਚ ਤੇਜ਼ੀ ਲਿਆਉਣ ਦਾ ਯਕੀਨ ਦਿਵਾਇਆ।