ਪੰਜਾਬੀ ਲਿਖਾਰੀ ਸਭਾ ਧਨੌਲਾ ਦਾ ਮਹੀਨਾ ਵਾਰ ਕਵੀ ਦਰਬਾਰ ਪਹਿਲੇ ਐਤਵਾਰ,ਲੋਕ ਕਵੀ ਡਾ: ਮਿੰਦਰਪਾਲ ਭੱਠਲ ਦੀ ਪ੍ਰਧਾਨਗੀ ਹੇਠ ਮੀਟਿੰਗ ਹਾਲ ਧਨੌਲਾ ਵਿਖੇ ਹੋਇਆ। ਜਿਸ ਵਿੱਚ ਉੱਘੇ ਗੀਤਕਾਰ ਸੋਹਣ ਧਨੌਲਾ ਦੇ ਲਿਖੇ ਅਤੇ ਲੋਕ ਗਾਇਕ ਸੋਨੀ ਸਿੱਧੂ ਦੀ ਆਵਾਜ਼ ਚ ਰਿਕਾਰਡ ਕੀਤੇ ਗੀਤ ਦਾ ਪੋਸਟਰ ਸਭਾ ਦੇ ਸਮੂਹ ਅਹੁਦੇਦਾਰਾਂ ਵੱਲੋਂ ਰਿਲੀਜ਼ ਕੀਤਾ ਗਿਆ।ਸਮੂਹ ਸਾਹਿਤਕਾਰਾਂ ਵੱਲੋਂ ਸੋਹਣ ਧਨੌਲਾ ਨੂੰ ਮੁਬਾਰਕਬਾਦ ਦਿੰਦੇ ਹੋਏ ਗੀਤ ਦੀ ਸਰਾਹਨਾ ਕੀਤੀ। ਦੂਜੇ ਦੌਰ ਵਿੱਚ ਜਨਰਲ ਸਕੱਤਰ ਨਿਰਮਲ ਸਿੰਘ ਕਾਹਲੋਂ ਵੱਲੋਂ ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਕਵੀ ਦਰਬਾਰ ਵਿੱਚ ਅਪਣਾ ਗੀਤ ਗਾਕੇ ਸ਼ੁਰੂਆਤ ਕੀਤੀ ਫਿਰ ਹਾਸ ਰਸ ਕਵੀ ਦਰਬਾਰਾ ਸਿੰਘ ਫੋਜੀ ਨੇ ਵਿਅੰਗਮਈ ਗੀਤ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ। ਉੱਘੇ ਗੀਤਕਾਰ ਰਿਟਾਇਰਡ ਪੁਲਿਸ ਅਫਸਰ ਮਲਕੀਤ ਸਿੰਘ ਸਕਰੌਦੀ ਨੇ ਰਚਨਾਵਾਂ ਪੇਸ਼ ਕਰਕੇ ਵਾਹ ਵਾਹ ਖੱਟੀ। ਗੀਤਕਾਰ ਗੁਰਮੇਲ ਪਰਦੇਸੀ ਨੇ ਸਾਡੀ ਅਣਗਹਿਲੀ ਕਾਰਨ ਫੈਲ ਰਹੀਆਂ ਬੀਮਾਰੀਆਂ ਸਬੰਧੀ ਜਾਗਰੂਕ ਕੀਤਾ। ਮਾਲਵੇ ਦੇ ਉੱਘੇ ਸ਼੍ਰੋਮਣੀ ਕਵੀਸ਼ਰ ਦਰਸ਼ਨ ਸਿੰਘ ਧਨੌਲਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ,ਸਕੱਤਰ ਚਰਨੀ ਬੇਦਿਲ ਨੇ ਰਿਦਮ ਵਿੱਚ ਗੀਤ ਗਾਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਗੀਤਕਾਰ ਸੋਹਣ ਧਨੌਲਾ ਨੇ ਵੀ ਦੋ ਗੀਤ ਪੇਸ਼ ਕੀਤੇ।ਸਭਾ ਦੇ ਪ੍ਰਧਾਨ ਪ੍ਰਿ: ਮਲਕੀਤ ਸਿੰਘ ਗਿੱਲ ਭੱਠਲਾਂ ਵੱਲੋਂ ਚੰਦ ਤੇ ਸਵਰਗ ਬਣਾਵਾਂਗੇ ਗੀਤ ਪੇਸ਼ ਕੀਤਾ ਗਿਆ ਅਤੇ ਸਭਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਚੇਅਰਮੈਨ ਡਾਕਟਰ ਮਿੰਦਰਪਾਲ ਭੱਠਲ ਨੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਹਾਜ਼ਰ ਕਵੀਆਂ ਨੂੰ ਪ੍ਰੇਰਤ ਕੀਤਾ। ਉੱਘੇ ਸਮਾਜ ਸੇਵੀ ਅਤੇ ਸਭਾ ਦੇ ਮੁੱਖ ਪ੍ਰਬੰਧਕ ਬਾਬੂ ਬਿਰਜ ਲਾਲ ਗੋਇਲ ਨੇ ਕਿਹਾ ਕਿ ਕਵੀ ਦਰਬਾਰ ਮੇਰੀ ਰੂਹ ਦੀ ਖੁਰਾਕ ਹਨ ਸਾਰੇ ਕਵੀ ਸਨਮਾਨ ਜੋਗ ਹਨ ਜੋ ਮਾਂ ਬੋਲੀ ਪੰਜਾਬੀ ਦੀ ਸੇਵਾ ਵਿੱਚ ਲੱਗੇ ਹੋਏ ਹਨ ਅਤੇ ਹਾਜ਼ਰ ਕਵੀਆਂ ਦਾ ਧੰਨਵਾਦ ਕੀਤਾ।ਸੋ ਅੱਜ ਦਾ ਕਵੀ ਦਰਬਾਰ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ।