#CANADA

ਪੰਜਾਬੀ ਮੁਟਿਆਰ ਤਨਪ੍ਰੀਤ ਪਰਮਾਰ ਮਿਸ ਕੈਨੇਡਾ ਬਣੀ

ਵੈਨਕੂਵਰ, 7 ਜੂਨ (ਪੰਜਾਬ ਮੇਲ)- ਸਰੀ ਦੇ ਨਾਲ ਲੱਗਦੇ ਸ਼ਹਿਰ ਡੈਲਟਾ ਦੀ ਰਹਿਣ ਵਾਲੀ ਤਨਪ੍ਰੀਤ ਪਰਮਾਰ (29) ਨੇ ਮਿਸ ਕੈਨੇਡਾ ਬਣ ਕੇ ਪੰਜਾਬਣ ਮੁਟਿਆਰਾਂ ਦਾ ਸਿਰ ਫ਼ਖ਼ਰ ਨਾਲ ਉੱਚਾ ਕੀਤਾ ਹੈ। ਪਿਛਲੇ ਦਿਨੀਂ ਮਾਂਟਰੀਅਲ ਵਿਚ ਹੋਏ 2024 ਕੈਨੇਡਾ ਸੁੰਦਰਤਾ ਮੁਕਾਬਲੇ ‘ਚ ਹਿੱਸਾ ਲੈਣ ਵਾਲੀਆਂ 25 ਮੁਟਿਆਰਾਂ ਵਿਚੋਂ ਸੁੰਦਰਤਾ ਦਾ ਤਾਜ ਤਨਪ੍ਰੀਤ ਦੇ ਸਿਰ ਸਜਿਆ। ਸੁੰਦਰਤਾ ਮੁਕਾਬਲੇ ਵਿਚ ਤਨਪ੍ਰੀਤ ਦੀ ਇਹ ਚੌਥੀ ਕੋਸ਼ਿਸ਼ ਸੀ। ਉਸ ਨੇ ਕਿਹਾ ਕਿ ਕੈਨੇਡਾ ਵੱਸਦੇ ਦੁਨੀਆਂ ਦੇ ਹਰ ਭਾਈਚਾਰੇ ਦੀਆਂ ਮੁਟਿਆਰਾਂ ਵਿਚ ਖੜ੍ਹ ਕੇ ਸਿਰ ‘ਤੇ ਸਜਿਆ ਤਾਜ ਉਸ ਨੂੰ ਇੱਕ ਸੁਪਨੇ ਵਰਗਾ ਲੱਗ ਰਿਹਾ ਹੈ। ਤਨਪ੍ਰੀਤ 24 ਸਾਲ ਪਹਿਲਾਂ ਮਾਪਿਆਂ ਨਾਲ ਕੈਨੇਡਾ ਆਈ ਅਤੇ ਉਸ ਨੇ ਇੱਥੇ ਡੈਲਟਾ ਵਿਚ ਹੀ ਪੜ੍ਹਾਈ ਕੀਤੀ। ਸਥਾਨਕ ਪੱਧਰ ਦੇ ਕੁਝ ਸੁੰਦਰਤਾ ਮੁਕਾਬਲਿਆਂ ਵਿਚੋਂ ਉਸ ਨੇ 2016 ਵਿਚ ਮਿਸ ਕੈਨੇਡਾ-ਇੰਡੀਆ ਮੁਕਾਬਲਾ ਵੀ ਜਿੱਤਿਆ ਸੀ। ਤਨਪ੍ਰੀਤ ਦਾ ਮੰਨਣਾ ਹੈ ਕਿ ਸੁੰਦਰਤਾ ਚਿਹਰਿਆਂ ਦੇ ਨਾਲ-ਨਾਲ ਮਨਾਂ ਵਿਚੋਂ ਵੀ ਝਲਕਦੀ ਹੈ।