#CANADA

ਪੰਜਾਬੀ ਭਾਸ਼ਾ ਦੇ ਪਸਾਰ ਲਈ ਸਾਹਿਤਕ ਸੰਸਥਾਵਾਂ ਹੋਰ ਵਧੇਰੇ ਯਤਨ ਕਰਨ : ਰਾਏ ਅਜੀਜ ਉੱਲਾ

-ਪੰਜਾਬੀਆਂ ਦੀ ਮੌਜੂਦਾ ਪੀੜੀ ਨੂੰ ਮਾਂ-ਬੋਲੀ ਨਾਲ ਜੋੜਨ ਦੀ ਲੋੜ ‘ਤੇ ਜ਼ੋਰ
ਸਰੀ, 10 ਅਪ੍ਰੈਲ (ਗੁਰਪ੍ਰੀਤ ਸਿੰਘ ਤਲਵੰਡੀ/ਪੰਜਾਬ ਮੇਲ)- ਦੇਸ਼ਾਂ/ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੀ ਅਗਲੀ ਪੀੜ੍ਹੀ ਦੇ ਆਪਣੀ ਮਾਂ-ਬੋਲੀ ਤੋਂ ਦੂਰ ਹੋਣ ਦੇ ਰੁਝਾਨ ‘ਤੇ ਗਹਿਰੀ ਚਿੰਤਾ ਵਿਅਕਤ ਕਰਦਿਆਂ ਪਾਕਿਸਤਾਨ ਦੇ ਸਾਬਕਾ ਸਾਂਸਦ ਤੇ ਸਿੱਖ ਕੌਮ ਦੇ ਸਤਿਕਾਰਤ ਹਸਤੀ ਰਾਏ ਅਜੀਜ ਉੱਲਾ ਖਾਨ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪਸਾਰ ਵੱਲ ਲੱਗੀਆਂ ਵੱਡੀ ਗਿਣਤੀ ਸਾਹਿਤਕ ਸੰਸਥਾਵਾਂ ਨੂੰ ਇਸ ਪਾਸੇ ਹੋਰ ਵੱਡੇ ਯਤਨ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਕੱਲੇ ਚੜ੍ਹਦੇ ਪੰਜਾਬ ਹੀ ਨਹੀਂ, ਸਗੋਂ ਲਹਿੰਦੇ ਪੰਜਾਬ ਦੀਆਂ ਵੀ ਬਹੁਤ ਸਾਰੀਆਂ ਸਾਹਿਤਕ ਸੰਸਥਾਵਾਂ ਇਸ ਪਾਸੇ ਯਤਨ ਕਰ ਰਹੀਆਂ ਹਨ, ਪ੍ਰੰਤੂ ਇਸ ਸਭ ਕੁੱਝ ਦੇ ਬਾਵਜੂਦ ਵੀ ਨੌਜਵਾਨ ਤਬਕਾ ਕੇਵਲ ਸਾਹਿਤ ਕੋਲੋਂ ਹੀ ਦੂਰ ਨਹੀਂ ਹੋ ਰਿਹਾ, ਸਗੋਂ ਆਪਣੀ ਮਾਂ-ਬੋਲੀ ਕੋਲੋਂ ਵੀ ਟੁੱਟ ਰਿਹਾ ਹੈ। ਉਨ੍ਹਾਂ ਇਸ ਰੁਝਾਨ ਨੂੰ ਰੋਕਣ ਲਈ ਸਿਰ ਜੋੜ ਕੇ ਯਤਨ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਸ਼੍ਰੀ ਰਾਏ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਵਲੋਂ ਸਰੀ (ਕੈਨੇਡਾ) ਵਿਖੇ ਕਰਵਾਏ ਗਏ ਆਪਣੇ ਸਾਲਾਨਾ ਸਮਾਗਮ ਵਿਚ ਬੋਲ ਰਹੇ ਸਨ।
ਉਨ੍ਹਾਂ ਇਸ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ ਨਾਲ ਜੁੜੇ ਸਾਰੇ ਹੀ ਲੇਖਕਾਂ ਨੂੰ ਇਸ ਸਮਾਗਮ ਦੀ ਵਧਾਈ ਦਿੰਦਿਆਂ ਪੰਜਾਬੀ ਭਾਸ਼ਾ ਲਈ ਕੀਤੇ ਜਾ ਰਹੇ ਚੰਗੇ ਉਪਰਾਲਿਆਂ ਲਈ ਸ਼ਲਾਘਾ ਵੀ ਕੀਤੀ। ਸਮਾਗਮ ਦੌਰਾਨ ਨਾਮਵਰ ਸਾਹਿਤਕਾਰ ਸੁੱਚਾ ਸਿੰਘ ਕਲੇਰ ਨੂੰ ਸਾਲ 2024 ਦਾ ਸਰਵੋਤਮ ਸਾਹਿਤਕਾਰ ਐਵਾਰਡ ਵੀ ਦਿੱਤਾ ਗਿਆ। ਇਸ ਦੌਰਾਨ ਚੱਲੇ ਕਵੀ ਦਰਬਾਰ ਦੌਰਾਨ ਉੱਚ ਕੋਟੀ ਦੇ ਕਵੀਆਂ ਵਲੋਂ ਆਪਣੀਆਂ ਸਾਹਿਤਕ ਰਚਨਾਵਾਂ ਦਾ ਦੌਰ ਵੀ ਚਲਾਇਆ ਗਿਆ। ਸਮਾਗਮ ਦੌਰਾਨ ਸ਼੍ਰੀ ਰਾਏ ਅਜੀਜ ਉੱਲਾ ਸਮੇਤ ਹੋਰ ਵੀ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸੁਰਜੀਤ ਸਿੰਘ ਮਾਧੋਪੁਰੀ, ਪਲਵਿੰਦਰ ਸਿੰਘ ਰੰਧਾਵਾ, ਰੁਪਿੰਦਰ ਰੂਪੀ (ਖਹਿਰਾ) ਸਮੇਤ ਵੱਡੀ ਗਿਣਤੀ ਪੰਜਾਬੀ ਸਾਹਿਤਕਾਰ ਹਾਜਰ ਸਨ।