#CANADA

ਪੰਜਾਬੀ ਫਿਲਮ ‘ਸਰਦਾਰਾ ਐਂਡ ਸੰਨਜ਼’ 27 ਅਕਤੂਬਰ ਨੂੰ ਹੋਵੇਗੀ ਰਿਲੀਜ਼

ਫਿਲਮ ਦੇ ਪ੍ਰਡਿਊਸਰ, ਡਾਇਰੈਕਟਰ ਅਤੇ ਕਲਾਕਾਰ ਸਰੀ ਵਿਚ ਹੋਏ ਪੱਤਰਕਾਰਾਂ ਦੇ ਰੂਬਰੂ
ਸਰੀ, 20 ਅਕਤੂਬਰ (ਹਰਦਮ ਮਾਨ/ਪੰਜਾਬ ਮੇਲ)- 27 ਅਕਤੂਬਰ ਨੂੰ ਵਿਸ਼ਵ ਭਰ ਦੇ ਸਿਨੇਮਾ ਘਰਾਂ ਵਿਚ ਰੀਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ”ਸਰਦਾਰਾ ਐਂਡ ਸੰਨਜ਼” ਇੰਡੋ-ਕੈਨੇਡੀਅਨ ਪਰਿਵਾਰ ਦੀ ਕਹਾਣੀ ਹੈ ਅਤੇ ਇਸ ਫਿਲਮ ਦੀ ਸਾਰੀ ਸ਼ੂਟਿੰਗ ਸਰੀ (ਕੈਨੇਡਾ) ਵਿਚ ਹੋਈ ਹੈ। ਇਹ ਜਾਣਕਾਰੀ ਫਿਲਮ ਫਿਲਮ ਦੇ ਨਿਰਮਾਤਾ ਅਮਨਦੀਪ ਸਿੰਘ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ। ਇਸ ਮੌਕੇ ਫਿਲਮ ਦੇ ਮੁੱਖ ਕਲਾਕਾਰ ਯੋਗਰਾਜ ਸਿੰਘ ਅਤੇ ਸਰਬਜੀਤ ਚੀਮਾ, ਡਾਇਰੈਕਟਰ ਸਰਬ ਨਾਗਰਾ ਅਤੇ ਲੇਖਕ ਪੰਕਜ ਬਤਰਾ ਵੀ ਉਨ੍ਹਾਂ ਦੇ ਨਾਲ ਸਨ।
ਫਿਲਮ ਦਾ ਟਰੇਲਰ ਵਿਖਾਉਣ ਉਪਰੰਤ ਫਿਲਮ ਦੇ ਨਿਰਮਾਤਾ ਅਮਨਦੀਪ ਸਿੰਘ ਨੇ ਇਸ ਫਿਲਮ ਦੀ ਕਹਾਣੀ, ਇਸ ਨੂੰ ਬਣਾਉਣ ਦੇ ਉਦੇਸ਼ ਅਤੇ ਸੁਨੇਹੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਫਿਲਮ ਵਿਚ ਸਰਦਾਰਾ ਸਿੰਘ ਦੀ ਭੂਮਿਕਾ ਨਿਭਾਉਣ ਵਾਲੇ ਉਘੇ ਅਭਿਨੇਤਾ ਯੋਗਰਾਜ ਸਿੰਘ ਨੇ ਫਿਲਮ ਦੀ ਕਹਾਣੀ ਰਾਹੀਂ ਪ੍ਰਵਾਸੀ ਪਰਿਵਾਰਾਂ ਅਤੇ ਨਵੀਂ ਪੀੜ੍ਹੀ ਨੂੰ ਆਪਣੇ ਮਾਪਿਆਂ ਦੇ ਸਤਿਕਾਰ ਅਤੇ ਸਾਂਭ ਸੰਭਾਲ ਦਾ ਸੁਨੇਹਾ ਦੇਣ ਦੇ ਨਾਲ ਪਰਵਾਸੀ ਪੰਜਾਬੀਆਂ ਨੂੰ ਪੰਜਾਬ ਅਤੇ ਜੜ੍ਹਾਂ ਨਾਲ ਜੁੜੇ ਰਹਿਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਮਾਪੇ ਆਪਣੇ ਬੱਚਿਆਂ ਤੋਂ ਸਿਰਫ ਮਾਣ ਸਤਿਕਾਰ ਲੋੜਦੇ ਹਨ, ਹੋਰ ਕੁੱਝ ਨਹੀਂ। ਸਰਬਜੀਤ ਚੀਮਾ ਨੇ ਕਿਹਾ ਕਿ ਫਿਲਮ ਸਰਦਾਰਾ ਐਂਡ ਸੰਨਜ਼ ਪਰਵਾਸੀ ਪੰਜਾਬੀ ਪਰਿਵਾਰਾਂ ਨੂੰ ਇਕ ਚੰਗਾ ਸੁਨੇਹਾ ਦੇਣ ਵਾਲੀ ਫਿਲਮ ਹੈ। ਉਨ੍ਹਾਂ ਪੰਜਾਬੀ ਦਰਸ਼ਕਾਂ ਨੂੰ ਇਸ ਫਿਲਮ ਨੂੰ ਭਰਵਾਂ ਹੁੰਗਾਰਾ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਉਘੇ ਬਿਜਨੈਸਮੈਨ ਜੇ ਮਿਨਹਾਸ, ਸੁੱਖੀ ਬਾਠ, ਜੋਤੀ ਸਹੋਤਾ, ਲੱਕੀ ਸੰਧੂ , ਡਾ. ਹਾਕਮ ਭੁੱਲਰ, ਡਾ. ਜਸਵਿੰਦਰ ਦਿਲਾਵਰੀ, ਅੰਮ੍ਰਿਤ ਸਰਾਭਾ, ਪ੍ਰੋ. ਗੋਪਾਲ ਸਿੰਘ ਬੁੱਟਰ, ਡਾ. ਗੁਰਵਿੰਦਰ ਧਾਲੀਵਾਲ, ਦਵਿੰਦਰ ਬੈਨੀਪਾਲ, ਬਲਜਿੰਦਰ ਕੌਰ, ਸੁਖਵਿੰਦਰ ਚੋਹਲਾ ਨੇ ਵੀ ਫਿਲਮ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਫਿਲਮ ਨਿਰਮਾਤਾ ਤੇ ਕਲਾਕਾਰਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।

Leave a comment