#AMERICA

ਪੰਜਾਬੀ ਫ਼ਿਲਮ “ਉੱਚਾ ਦਰ ਬਾਬੇ ਨਾਨਕ ਦਾ “ 12 ਜੁਲਾਈ ਨੂੰ ਹੋਵੇਗੀ ਰਲੀਜ਼

ਫਰਿਜਨੋ (ਕੈਲੀਫੋਰਨੀਆਂ), 2 ਜੁਲਾਈ (ਪੰਜਾਬ ਮੇਲ)-  ਹਾਸ-ਰਸ ਵਾਲੀਆਂ ਫਿਲਮਾਂ ਦੇ ਟਰਿੰਡ ਤੋਂ ਹਟਕੇ ਇੱਕ ਹੋਰ ਪੰਜਾਬੀ ਫਿਲਮ “ਉੱਚਾ ਦਰ ਬਾਬੇ ਨਾਨਕ ਦਾ” 12 ਜੁਲਾਈ ਨੂੰ ਦੁਨੀਆਂ ਭਰ ਦੇ ਸਿਨੇਮਾਂ ਘਰਾਂ ਵਿੱਚ  ਰਲੀਜ਼ ਹੋਣ ਜਾ ਰੀ ਹੈ। ਇਸ ਫਿਲਮ ਸਬੰਧੀ ਦਰਸ਼ਕਾਂ ਵਿੱਚ ਜਾਗਰੁਕਤਾ ਪੈਂਦਾ ਕਰਨ ਲਈ ਅਮਰੀਕਾ ਦੇ ਵੱਖੋ ਵੱਖ ਸ਼ਹਿਰਾਂ ਵਿੱਚ ਸਮਾਗਮ ਕੀਤੇ ਜਾ ਰਹੇ ਹਨ, ਇਸੇ ਕੜੀ ਤਹਿਤ ਫਰਿਜ਼ਨੋ ਸ਼ਹਿਰ ਦੇ ਇੰਡੀਆ ਕਬਾਬ ਪੈਲਿਸ ਰੈਸਟੋਰੈਂਟ ਵਿੱਚ ਫਿਲਮ ਦੀ ਟੀਮ ਵੱਲੋਂ ਇੱਕ ਵਿਸ਼ੇਸ਼ ਸਮਾਗਮ ਰੱਖਿਆ ਗਿਆ। ਇਸ ਸਮਾਗਮ ਦੌਰਾਨ ਫਿਲਮ ਦੇ ਡਾਈਰੈਕਟਰ ਤਰਨਵੀਰ ਸਿੰਘ ਜਗਪਾਲ, ਐਕਟਰਿਸ ਮੌਨਿਕਾ ਗਿੱਲ, ਐਕਟਰਿਸ ਕਿੰਮੀ ਵਰਮਾ ਪਹੁੰਚੇ ਹੋਏ ਸਨ। ਸਮਾਗਮ ਦੀ ਸ਼ੁਰੂਆਤ ਹੋਸਟ ਜੋਤ ਰਣਜੀਤ ਨੇ ਸਭਨਾਂ ਨੂੰ ਨਿੱਘੀ ਜੀ ਆਇਆ ਆਖਕੇ ਕੀਤੀ। ਉਪਰੰਤ ਡਾਈਰੈਕਟਰ ਤਰਨਵੀਰ ਸਿੰਘ ਜਗਪਾਲ ਨੇ ਹਾਜ਼ਰੀਨ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਪਹਿਲਾਂ ਵੀ ਸਾਡੀ ਟੀਮ ਰੱਬ ਦਾ ਰੇਡੀਓ ਅਤੇ ਦਾਣਾ ਪਾਣੀ ਵਰਗੀਆਂ ਅਨੇਕਾਂ ਸਫਲ  ਫਿਲਮਾਂ ਪੰਜਾਬੀ ਸਿਨਮੇ ਦੀ ਝੋਲੀ ਪਾ ਚੁੱਕੀ ਹੈ। ਇਸ ਵਾਰ ਅਸੀ ਬਾਬੇ ਨਾਨਕ ਦੇ ਫਲਸਫੇ ਅਤੇ ਗੁਰਬਾਣੀ ਦੀ ਤਾਕਤ ਬਾਰੇ ਪੰਜਾਬੀ ਫਿਲਮ ਉੱਚਾ ਦਰ ਬਾਬੇ ਨਾਨਕ ਦਾ ਲੈਕੇ ਦਰਸ਼ਕਾਂ ਦੀ ਕਚਿਹਰੀ ਵਿੱਚ ਹਾਜ਼ਰ ਹੋ ਰਹੇ ਹਾਂ, ਅਤੇ ਆਸ ਕਰਦੇ ਹਾਂ ਕਿ ਪੰਜਾਬੀ ਸਿਨੇਮਾਂ ਪ੍ਰੇਮੀ ਪਿਆਰ ਬਖ਼ਸ਼ਣਗੇ। ਇਸ ਮੌਕੇ ਐਕਟਰਸ ਮੌਨਿਕਾ ਗਿੱਲ ਨੇ ਕਿਹਾ ਕਿ ਇਹ ਫਿਲਮ ਟਰਿੰਡ ਤੋਂ ਹਟਕੇ ਸਾਡੇ ਯੂਥ ਨੂੰ ਗੁਰਬਾਣੀ ਦੀ ਤਾਕਤ ਤੋਂ ਜਾਣੂ ਕਰਵਾਉਣ ਦੇ ਮਨਸੂਬੇ ਨਾਲ ਬਣਾਈ ਗਈ ਹੈ, ਅਤੇ ਆਸ ਕਰਦੇ ਹਾਂ ਕਿ ਇਹ ਫਿਲਮ ਪੰਜਾਬੀ ਸਿਨਮੇ ਲਈ ਮੀਲ ਪੱਥਰ ਸਾਬਤ ਹੋਵੇਗੀ। ਐਕਟਰਸ ਕਿੰਮੀ ਵਰਮਾ ਨੇ ਕਿਹਾ ਕਿ ਅੱਜਕੱਲ ਡਪਰੈਸ਼ਨ, ਘਰਾਂ ਦੇ ਕਲੇਸ਼, ਨਸ਼ਾ ਆਦਿ ਸਾਡੇ ਸਮਾਜ ਨੂੰ ਘੁੰਣ ਵਾਂਗ ਖਾ ਰਿਹਾ ਹੈ। ਇਹਨਾਂ ਅਲਾਮਤਾਂ ਦੇ ਹੱਲ ਲਈ ਗੁਰਬਾਣੀ ਅਤੇ ਬਾਬੇ ਨਾਨਕ ਦੇ ਫਲਸਫੇ ਤੇ ਅਧਾਰਿਤ ਇਹ ਫ਼ਿਲਮ ਹਰਇੱਕ ਨੂੰ ਜ਼ਰੂਰ ਵੇਖਣੀ ਚਾਹੀਦੀ ਹੈ, ਅਤੇ ਉਹਨਾਂ ਅਪੀਲ ਕੀਤੀ ਕਿ ਸਾਰੇ ਪੰਜਾਬੀ ਪਰਿਵਾਰਾਂ ਸਮੇਤ ਇਸ ਪਰਿਵਾਰਕ ਫ਼ਿਲਮ ਨੂੰ 12 ਜੁਲਾਈ ਨੂੰ ਜ਼ਰੂਰ ਸਿਨੇਮਾ ਘਰਾਂ ਵਿੱਚ ਵੇਖਣ ਜਾਣ। ਇਸ ਫਿਲਮ ਵਿੱਚ ਐਕਟਰ ਦੇਵ ਖਰੌੜ, ਯੋਗਰਾਜ ਸਿੰਘ, ਮੌਨਿਕਾ ਗਿੱਲ, ਕਿੰਮੀ ਵਰਮਾ, ਕਮਲਜੀਤ ਨੀਰੂ, ਈਸਾ ਰਿੱਕੀ, ਹਰਜ਼ ਨਾਗਰਾ ਆਦਿ ਮੁੱਖ ਭੂੰਮਕਾਵਾਂ ਵਿੱਚ ਨਜ਼ਰ ਆਉਣਗੇ। ਇਸ ਮੌਕੇ ਫਰਿਜਨੋ ਦੀਆਂ ਸਿਰਕੱਢ ਸਖਸ਼ੀਅਤਾ, ਜਿੰਨ੍ਹਾਂ ਵਿੱਚ ਕਿਰਸਾਨ ਚਰਨਜੀਤ ਸਿੰਘ ਬਾਠ, ਸ਼ਰੂ ਸ਼ਰਮਾ, ਜਗਦੀਪ ਸਿੰਘ (ਜੇ ਐਸ ਇੰਸ਼ੋਰੈਂਸ), ਸੁਖਬੀਰ ਸਿੰਘ ਭੰਡਾਲ, ਸ਼ਰਨਜੀਤ ਕੌਰ ਧਾਲੀਵਾਲ, ਹਰਦੇਵ ਸਿੰਘ ਸਿੱਧੂ, ਰਾਜ ਬਰਾੜ (ਸੈਂਟਰਲ ਟਰੱਕ ਡ੍ਰਾਈਵਿੰਗ ਸਕੂਲ),  ਪਵਨ ਬਰਾੜ (ਸਟਾਈਲ ਐਂਡ ਸਮਾਈਲ ਸਟੂਡੀਓ), ਮਾਸਟਰ ਸੁਲੱਖਣ ਸਿੰਘ ਗਿੱਲ, ਗੁਰਮੀਤ (ਮੈਕਸ ਪ੍ਰਿੰਟਿੰਗ) ਅਤੇ ਕਾਂਗਰਸ ਲਈ ਉਮੀਦਵਾਰ ਮਾਈਕਲ ਮਹਿਰ ਆਦਿ ਮਜੂਦ ਰਹੇ।