#PUNJAB

ਪੰਜਾਬੀ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਜਲੰਧਰ ਸਥਿਤ ਦਫ਼ਤਰ ‘ਚ ਹੋਈ ਚੋਰੀ

ਜਲੰਧਰ, 4 ਮਈ (ਪੰਜਾਬ ਮੇਲ)- ਪਾਲੀਵੁੱਡ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਦਫ਼ਤਰ ‘ਚ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਕਾਲੀ ਐਕਟਿਵਾ ‘ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਦਫ਼ਤਰ ਦੇ ਤਾਲੇ ਤੋੜ ਕੇ ਅੰਦਰੋਂ ਲਾਕਰ ਅਤੇ ਇਨਵਰਟਰ ਚੋਰੀ ਕਰ ਲਿਆ ਅਤੇ ਫਰਾਰ ਹੋ ਗਏ। ਚੋਰੀ ਕਰਨ ਆਏ ਮੁਲਜ਼ਮ ਗਲੀ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਏ ਹਨ। ਚੋਰਾਂ ਨੇ ਦਫ਼ਤਰ ਵਿਚ ਲੱਗੇ ਕੈਮਰੇ ਨੂੰ ਤੋੜ ਦਿੱਤਾ। ਚੋਰੀ ਦੀ ਸ਼ਿਕਾਇਤ ਥਾਣਾ 6 ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਇਸ ਘਟਨਾ ਦਾ ਪਤਾ ਉਸ ਸਮੇਂ ਲੱਗਾ, ਜਦੋਂ ਦਫ਼ਤਰ ਵਿਚ ਕੰਮ ਕਰਨ ਵਾਲਾ ਮਨੀ ਨਾਂ ਦਾ ਨੌਜਵਾਨ ਸਵੇਰੇ ਦਫ਼ਤਰ ਪਹੁੰਚਿਆ।
ਦਫ਼ਤਰ ਵਿਚ ਕੰਮ ਕਰਦੇ ਮਨੀ ਨੇ ਦੱਸਿਆ ਕਿ ਉਹ ਸ਼ਨੀਵਾਰ ਸਵੇਰੇ 9 ਵਜੇ ਦੇ ਕਰੀਬ ਦਫ਼ਤਰ ਆਇਆ ਸੀ। ਫਿਰ ਉਸ ਨੇ ਵੇਖਿਆ ਕਿ ਦਫ਼ਤਰ ਦਾ ਦਰਵਾਜ਼ਾ ਪਹਿਲਾਂ ਹੀ ਖੁੱਲ੍ਹਾ ਸੀ। ਤਾਲਾ ਟੁੱਟ ਕੇ ਹੇਠਾਂ ਡਿੱਗ ਪਿਆ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਅੰਦਰ ਗਿਆ ਤਾਂ ਵੇਖਿਆ ਕਿ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਅੰਦਰੋਂ ਮਾਸਟਰ ਸਲੀਮ ਦਾ ਲਾਕਰ ਅਤੇ ਇਨਵਰਟਰ ਗਾਇਬ ਸੀ। ਇਸ ਤੋਂ ਬਾਅਦ ਉਸ ਨੇ ਮਾਸਟਰ ਸਲੀਮ ਅਤੇ ਉਸ ਦੇ ਸਾਥੀਆਂ ਨੂੰ ਚੋਰੀ ਦੀ ਸੂਚਨਾ ਦਿੱਤੀ।