#INDIA

ਪੰਜਾਬੀ ਦੇ ਨਾਮਵਰ ਕਵੀ ਮੋਹਨਜੀਤ ਨਹੀਂ ਰਹੇ

ਨਵੀਂ ਦਿੱਲੀ, 20 ਅਪ੍ਰੈਲ (ਪੰਜਾਬ ਮੇਲ)-  ਪੰਜਾਬੀ ਦੇ ਨਾਮਵਰ ਕਵੀ ਡਾ. ਮੋਹਨਜੀਤ ਅੱਜ ਸਵੇਰੇ ਕਰੀਬ ਪੌਣੇ 6 ਵਜੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। 7 ਮਈ, 1938 ਨੂੰ ਅੰਮ੍ਰਿਤਸਰ ਦੇ ਪਿੰਡ ਅਦਲੀਵਾਲਾ ਵਿਚ ਜੰਮੇ ਮੋਹਨਜੀਤ ਬੀਤੇ ਦਿਨਾਂ ਤੋਂ ਬ੍ਰੇਨ ਸਟਰੋਕ ਕਾਰਨ ਪਹਿਲਾਂ ਨਿੱਜੀ ਹਸਪਤਾਲ ਵਿਚ ਦਾਖ਼ਲ ਸਨ ਤੇ ਫਿਰ ਉਨ੍ਹਾਂ ਦਾ ਇਲਾਜ ਘਰ ਵਿਚ ਹੀ ਡਾਕਟਰਾਂ ਦੀ ਨਿਗਰਾਨੀ ਹੇਠ ਹੀ ਕੀਤਾ ਜਾ ਰਿਹਾ ਸੀ। ਉਨ੍ਹਾਂ ਦੀ ਮੌਤ ‘ਤੇ ਪੰਜਾਬੀ ਸਾਹਿਤ ਸਭਾ ਦਿੱਲੀ ਦੀ ਚੇਅਰਪਰਸਨ ਡਾ. ਰੈਣੂਕਾ ਸਿੰਘ, ਡਾਇਰੈਕਟਰ ਬਲਬੀਰ ਮਾਧੋਪੁਰੀ, ਸਿੱਧੂ ਦਮਦਮੀ, ਗੁਰਭਜਨ ਗਿੱਲ, ਨਾਵਲਕਾਰ ਨਛੱਤਰ, ਨਾਟਕਕਾਰ ਡਾ. ਸਵਰਾਜਬੀਰ, ਰਵੇਲ ਸਿੰਘ, ਪੱਤਰਕਾਰ ਜਸਪਾਲ ਸਿੰਘ ਸਿੱਧੂ, ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਦੇ ਪ੍ਰੋਫੈਸਰਾਂ ਕੁਲਬੀਰ ਗੋਜਰਾ, ਡਾ. ਰਵੀ ਰਵਿੰਦਰ, ਬਰਜਿੰਦਰ ਨਸਰਾਲੀ, ਲੇਖਕਾਂ ਅਮੀਆ ਕੰਵਰ, ਹਰਜੀਤ ਕੌਰ ਵਿਰਦੀ, ਕਹਾਣੀਕਾਰ ਬਲਵਿੰਦਰ ਸਿੰਘ ਬਰਾੜ ਤੇ ਵੱਖ-ਵੱਖ ਸਾਹਿਤਕ ਸੰਸਥਾਵਾਂ ਵੱਲੋਂ ਦੁਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਕਵਿਤਾ, ਅਨੁਵਾਦ ਤੇ ਆਲੋਚਨਾ ਦੀਆਂ ਦੋ ਦਰਜਨ ਤੋਂ ਵੱਧ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਈਆਂ ਹਨ। ਉਨ੍ਹਾਂ ਆਪਣੀ ਸਵੈ ਜੀਵਨੀ ਵੀ ਲਿਖੀ ਹੈ। ਉਨ੍ਹਾਂ ਦੇ ਪਰਿਵਾਰ ਵਿਚ ਦੋ ਪੁੱਤਰ ਤੇ ਪਤਨੀ ਹਨ।