ਵਾਸ਼ਿੰਗਟਨ, 21 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਬੀਤੀ 26 ਸਤੰਬਰ ਨੂੰ ਅਮਰੀਕਾ ਦੇ ਰਾਜ ਉਟਾਹ ਵਿਚ ਇਕ ਟਰੱਕ ਡਰਾਈਵਰ ਜਸਪਿੰਦਰ ਸਿੰਘ ਦੇ ਸਹਿਕਰਮੀ ਨੇ ਪੁਲਿਸ ਨੂੰ ਉਸ ਦੀ ਮੌਤ ਦੀ ਸੂਚਨਾ ਦਿੱਤੀ ਸੀ। ਮ੍ਰਿਤਕ ਦੇ ਸਹਿਕਰਮੀ ਨੇ ਦੱਸਿਆ ਸੀ ਕਿ ਸਾਡੇ ਟਰੱਕ ਦਾ ਡਰਾਈਵਰ ਜਸਪਿੰਦਰ ਸਿੰਘ ਗਰਦਨ ਅਤੇ ਲੱਤਾਂ ‘ਤੇ ਸੱਟਾਂ ਨਾਲ ਟਰੱਕ ਦੀ ਕੈਬ ਦੇ ਸਲੀਪਰ ਹਿੱਸੇ ਵਿਚ ਮ੍ਰਿਤਕ ਪਾਇਆ ਗਿਆ ਸੀ। ਟਰੱਕ ਡਰਾਈਵਰ ਜਿਸ ਦਾ ਡੇਲੇ ਵਿਚ ਰੂਟ ਆਈ-80 ਸੀ, ਆਨ-ਰੈਂਪ ਦੇ ਪਾਸੇ ਆਪਣਾ ਟਰੱਕ ਖੜ੍ਹਾ ਕਰਕੇ ਟਰੱਕ ਵਿਚ ਸੁੱਤਾ ਪਿਆ ਸੀ, ਉਸ ਦਾ ਚਾਕੂ ਮਾਰ-ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਉਹ ਕੈਲੀਫੋਰਨੀਆ ਦਾ ਰਹਿਣ ਵਾਲਾ ਸੀ। ਇਸ ਸਬੰਧ ਵਿਚ ਰਿਜਫੀਲਡ, ਵਾਸ਼ਿੰਗਟਨ ਦੇ ਰਹਿਣ ਵਾਲੇ 46 ਸਾਲਾ ਜਸਵਿੰਦਰ ਸਿੰਘ ਢਿੱਲੋਂ ਖ਼ਿਲਾਫ਼ ਪੁਲਿਸ ਨੇ ਗੰਭੀਰ ਕਤਲ ਕਰਨ ਅਤੇ ਉਸ ਵਿਰੁੱਧ ਅਗਵਾ ਕਰਨ ਦੇ ਦੋਸ਼ ਦਾਇਰ ਕੀਤੇ ਹਨ।
ਉਸ ਦੀ ਗ੍ਰਿਫ਼ਤਾਰੀ ਲਈ ਨੋ-ਬੇਲ ਵਾਰੰਟ (ਜ਼ਮਾਨਤ) ਵੀ ਜਾਰੀ ਕੀਤਾ ਗਿਆ ਹੈ। ਉਸ ਨੇ ਵਾਪਸ ਉਟਾਹ ਅਮਰੀਕਾ ਨੂੰ ਹਵਾਲਗੀ ਕਰਨ ਲਈ ਦਸਤਖਤ ਜਾਰੀ ਕਰ ਦਿੱਤੇ ਹਨ। ਦਸਤਾਵੇਜ਼ਾਂ ਵਿਚ ਇਹ ਕਿਹਾ ਗਿਆ ਹੈ ਕਿ ਕਾਤਲ ਢਿੱਲੋਂ ਨੇ ਕਥਿਤ ਤੌਰ ‘ਤੇ ਹੱਤਿਆ ਕਰਨ ਤੋਂ ਪਹਿਲਾਂ, ਸ਼ਾਇਦ ਰੇਨੋ ਤੱਕ ਪੱਛਮ ਦੇ ਰੂਟ ਆਈ-80 ਤੇ ਟਰੱਕ ਸਟਾਪ ‘ਤੇ ਖੜ੍ਹੇ ਟਰੱਕ ਡਰਾਈਵਰ ਤੱਕ ਦਾ ਪਿੱਛਾ ਕੀਤਾ ਸੀ। ਡੈਸ਼ਕੈਮ ਫੁਟੇਜ ਦੀ ਪੁਲਿਸ ਨੇ ਸਮੀਖਿਆ ਕੀਤੀ। ਕੈਮਰਿਆਂ ਦੀ ਜਾਂਚ ਪੜਤਾਲ ਤੋਂ ਬਾਅਦ, ਇੱਕ ਚਿੱਟੇ ਰੰਗ ਦੀ ਮਰਸੀਡੀਜ਼ ਪਾਰਕਿੰਗ ਲਾਟ ਦੇ ਆਲੇ-ਦੁਆਲੇ ਹੌਲੀ-ਹੌਲੀ ਚਲਦੀ ਦਿਖਾਈ ਦਿੱਤੀ ਸੀ। ਮਾਰਿਆ ਗਿਆ ਡਰਾਈਵਰ ਜਸਪਿੰਦਰ ਸਿੰਘ ਡੇਲੇ ਗੈਸ ਸਟੇਸ਼ਨ ਤੋਂ ਲਗਭਗ ਇਕ ਘੰਟਾ ਪਹਿਲਾਂ ਟਰੱਕ ਵਿਚ ਸੁੱਤਾ ਪਿਆ ਸੀ। ਕਾਤਲ ਆਪਣੀ ਮਰਸਡੀਜ਼ ਵਿਚ ਆਇਆ ਸੀ, ਜਿਸ ਨੇ ਤੇਜ਼ਧਾਰ ਚਾਕੂ ਮਾਰ-ਮਾਰ ਕੇ ਟਰੱਕ ਵਿਚ ਹੀ ਕਤਲ ਕਰ ਦਿੱਤਾ। ਕੈਮਰਿਆਂ ਦੀ ਫੁਟੇਜ ਤੋਂ ਪੁਲਿਸ ਨੇ ਗੱਡੀ ਦੀ ਲਾਇਸੈਂਸ ਪਲੇਟ ਤੋਂ ਮਰਸਡੀਜ਼ ਦੀ ਪਛਾਣ ਕਰਕੇ ਢਿੱਲੋਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸ਼ੱਕੀ ਅਤੇ ਪੀੜਤ ਇੱਕ ਦੂਜੇ ਨੂੰ ਜਾਣਦੇ ਸਨ ਜਾਂ ਨਹੀਂ, ਪਰ ਉਸ ਦਾ ਕਤਲ ਕਿਉਂ ਕੀਤਾ ਗਿਆ। ਕਤਲ ਦੇ ਕਾਰਨ ਅਜੇ ਤੱਕ ਸਪੱਸ਼ਟ ਨਹੀ ਹੋ ਸਕੇ।