#CANADA

ਪੰਜਾਬੀ ਕਲਚਰਲ ਐਸੋਸੀਏਸ਼ਨ ਤੇ ਵਿਧਾਨ ਸਭਾ ਅਲਬਰਟਾ ਵੱਲੋਂ ਗ਼ਜ਼ਲ ਮੰਚ ਸਰੀ ਦੇ ਸ਼ਾਇਰਾਂ ਦਾ ਸਨਮਾਨ

ਸਰੀ, 26 ਜੂਨ (ਪੰਜਾਬ ਮੇਲ)- ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਅਲਬਰਟਾ ਐਡਮਿੰਟਨ ਵੱਲੋਂ ਗ਼ਜ਼ਲ ਮੰਚ ਸਰੀ ਦੇ ਸ਼ਾਇਰ ਕ੍ਰਿਸ਼ਨ ਭਨੋਟ, ਜਸਵਿੰਦਰ, ਹਰਦਮ ਮਾਨ ਅਤੇ ਪ੍ਰੀਤ ਮਨਪ੍ਰੀਤ ਦੇ ਮਾਣ ਵਿਚ ਵਿਸ਼ੇਸ਼ ਸਮਾਗਮ ਰਚਾਇਆ ਗਿਆ। ਐਸੋਸੀਏਸ਼ਨ ਦੇ ਹਾਲ ਵਿਚ ਹੋਏ ਸਮਾਗਮ ਵਿਚ ਐਡਮਿੰਟਨ ਅਤੇ ਆਸ-ਪਾਸ ਦੇ ਖੇਤਰ ਦੇ ਬਹੁਤ ਸਾਰੇ ਲੇਖਕ ਅਤੇ ਪੰਜਾਬੀ ਪ੍ਰੇਮੀ ਇਕੱਤਰ ਹੋਏ। ਮਹਿਮਾਨ ਸ਼ਾਇਰਾਂ ਨੂੰ ‘ਜੀ ਆਇਆਂ’ ਕਹਿੰਦਿਆਂ ਗੁਰਤੇਜ ਸਿੰਘ ਨੇ ਸੰਖੇਪ ਜਾਣ ਪਛਾਣ ਕਰਵਾਈ ਅਤੇ ਉਸ ਤੋਂ ਬਾਅਦ ਇਨ੍ਹਾਂ ਸ਼ਾਇਰਾਂ ਨੇ ਆਪਣੇ ਸਾਹਿਤਕ ਸਫਰ ਤੇ ਆਪਣੀ ਸ਼ਾਇਰੀ ਬਾਰੇ ਗੱਲਬਾਤ ਕੀਤੀ।
ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਨੇ ਪੰਜਾਬੀ ਗ਼ਜ਼ਲ ਦੇ ਪਿਛੋਕੜ ਅਤੇ ਸ਼ੁਰੂਆਤੀ ਸਮੇਂ ਦੀਆਂ ਮੁਸ਼ਕਿਲਾਂ ਦਾ ਜ਼ਿਕਰ ਕੀਤਾ ਅਤੇ ਪੰਜਾਬੀ ਗ਼ਜ਼ਲ ਦੇ ਹੁਣ ਤੱਕ ਦੇ ਸਫਰ ਬਾਰੇ ਚਾਨਣਾ ਪਾਇਆ। ਉਨ੍ਹਾਂ ਆਪਣੀਆਂ ਦੋ ਗਜ਼ਲਾਂ ਵੀ ਸੁਣਾਈਆਂ। ਐਡਮਿੰਟਨ ਦੇ ਲੇਖਕਾਂ, ਪਾਠਕਾਂ ਦੀ ਸ਼ਲਾਘਾ ਕਰਦਿਆਂ ਗਜ਼ਲ ਮੰਚ ਸਰੀ ਦੇ ਪ੍ਰਧਾਨ ਜਸਵਿੰਦਰ ਨੇ ਕਿਹਾ ਕਿ ਬੜੀ ਖੁਸ਼ੀ ਹੈ ਕਿ ਅੱਜ ਦੇ ਪਦਾਰਥਵਾਦੀ ਦੌਰ ਵਿਚ ਤੁਸੀਂ ਸਾਰੇ ਸ਼ਬਦ ਨਾਲ, ਸਾਹਿਤ ਨਾਲ ਜੁੜੇ ਹੋਏ ਹੋ। ਇਨ੍ਹਾਂ ਮੁਲਕਾਂ ਵਿਚ ਆ ਕੇ ਏਨਾ ਸਮਾਂ ਕੱਢਣਾ, ਆਪਣੀ ਸੰਵੇਦਨਾ ਨੂੰ ਜ਼ਿੰਦਾ ਰੱਖਣਾ ਬੜਾ ਔਖਾ ਹੁੰਦਾ ਹੈ। ਤੁਸੀਂ ਸਾਰੇ ਬੜੇ ਸੰਵੇਦਨਸ਼ੀਲ ਇਨਸਾਨ ਹੋ, ਜਿਨ੍ਹਾਂ ਨੂੰ ਸਮਾਜ ਦਾ ਤੇ ਆਪਣੇ ਆਲੇ-ਦੁਆਲੇ ਦਾ ਵੀ ਫਿਕਰ ਹੈ। ਉਨ੍ਹਾਂ ਆਪਣੀਆਂ ਕੁਝ ਰਚਨਾਵਾਂ ਵੀ ਸਾਂਝੀਆਂ ਕੀਤੀਆਂ। ਹਰਦਮ ਮਾਨ ਅਤੇ ਪ੍ਰੀਤ ਮਨਪ੍ਰੀਤ ਨੇ ਵੀ ਆਪਣੀ ਸੰਖੇਪ ਜਾਣ-ਪਛਾਣ ਕਰਵਾਉਣ ਦੇ ਨਾਲ-ਨਾਲ ਆਪਣੀਆਂ ਗ਼ਜ਼ਲਾਂ ਪੇਸ਼ ਕੀਤੀਆਂ।
ਇਸ ਮੌਕੇ ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਅਲਬਰਟਾ ਦੇ ਸੀਨੀਅਰ ਆਗੂ ਡਾ. ਆਰ.ਪੀ. ਕਾਲੀਆ ਨੇ ਇਸ ਐਸੋਸੀਏਸ਼ਨ ਦੀ ਸਥਾਪਨਾ ਅਤੇ ਐਡਮਿੰਟਨ ਦੀਆਂ ਸਾਹਿਤਕ ਅਤੇ ਸੱਭਿਆਚਾਰਕ ਸਰਗਰਮੀਆਂ ਦੇ ਪਿਛੋਕੜ ਅਤੇ ਮੌਜੂਦਾ ਸੰਦਰਭ ਵਿਚ ਗੱਲ ਕੀਤੀ। ਉਨ੍ਹਾਂ ਅਜੋਕੇ ਹਾਲਾਤ ਉੱਪਰ ਆਪਣੀਆਂ ਦੋ ਕਵਿਤਾਵਾਂ ਪੜ੍ਹੀਆਂ। ਸਮਾਗਮ ਵਿਚ ਸ਼ਾਮਲ ਵਰਿੰਦਰ ਕੌਰ, ਮਨਜੀਤ ਬਰਾੜ, ਬਖਸ਼ ਸੰਘਾ, ਨਵਤੇਜ ਬੈਂਸ, ਕਰਨੈਲ ਸ਼ੇਰਪੁਰੀ, ਡਾ. ਕਮਲ, ਗੁਰਿੰਦਰ ਕਲਸੀ, ਸੰਨੀ ਧਾਲੀਵਾਲ, ਸੇਵਕ ਸਿੰਘ, ਸਿਮਰ, ਪਵਿੱਤਰ ਧਾਲੀਵਾਲ ਅਤੇ ਕਿਰਤਮੀਤ ਨੇ ਵੀ ਆਪਣੀਆਂ ਕਾਵਿ ਰਚਨਾਵਾਂ ਸੁਣਾਈਆਂ।
ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਪੁੱਜੇ ਅਲਬਰਟਾ ਦੇ ਐੱਮ.ਐੱਲ.ਏ. ਜਸਵੀਰ ਦਿਓਲ ਨੇ ਸ਼ਾਇਰ ਕ੍ਰਿਸ਼ਨ ਭਨੋਟ, ਜਸਵਿੰਦਰ, ਹਰਦਮ ਮਾਨ ਅਤੇ ਪ੍ਰੀਤ ਮਨਪ੍ਰੀਤ ਦਾ ਸਵਾਗਤ ਕੀਤਾ ਅਤੇ ਇਨ੍ਹਾਂ ਸ਼ਾਇਰਾਂ ਦੇ ਸਾਹਿਤਕ ਯੋਗਦਾਨ ਨੂੰ ਮਾਣ ਦਿੰਦਿਆਂ ਵਿਧਾਨ ਸਭਾ ਅਲਬਰਟਾ ਵੱਲੋਂ ਸਨਮਾਨ ਪੱਤਰ ਪ੍ਰਦਾਨ ਕੀਤੇ। ਸਮੁੱਚੇ ਸਮਾਗਮ ਦਾ ਸੰਚਾਲਨ ਗੁਰਤੇਜ ਸਿੰਘ ਨੇ ਆਪਣੇ ਵਿਸ਼ੇਸ਼ ਲਹਿਜ਼ੇ ਵਿਚ ਪੇਸ਼ ਕਰਕੇ ਮਾਹੌਲ ਨੂੰ ਖੁਸ਼ਨੁਮਾ ਬਣਾਈ ਰੱਖਿਆ।