-ਤੇਲ ਕੰਪਨੀਆਂ ਵੱਲੋਂ ਏ.ਟੀ.ਐੱਫ. ਦੀਆਂ ਕੀਮਤਾਂ ‘ਚ 100% ਤੋਂ ਵੱਧ ਦਾ ਵਾਧਾ
ਨਵੀਂ ਦਿੱਲੀ, 1 ਅਪ੍ਰੈਲ (ਪੰਜਾਬ ਮੇਲ)- ਪੱਛਮੀ ਏਸ਼ੀਆ ‘ਚ ਚੱਲ ਰਹੇ ਸੰਕਟ ਕਾਰਨ ਤੇਲ ਦੀ ਸਪਲਾਈ ਵਿਚ ਆਈਆਂ ਰੁਕਾਵਟਾਂ ਦਾ ਅਸਰ ਹੁਣ ਹਵਾਈ ਸਫ਼ਰ ‘ਤੇ ਪੈਣ ਜਾ ਰਿਹਾ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ 1 ਅਪ੍ਰੈਲ ਤੋਂ ਜੈੱਟ ਈਂਧਨ (ਏ.ਟੀ.ਐੱਫ.) ਦੀਆਂ ਕੀਮਤਾਂ ਵਿਚ 100 ਫ਼ੀਸਦੀ ਤੋਂ ਵੀ ਜ਼ਿਆਦਾ ਦਾ ਭਾਰੀ ਵਾਧਾ ਕਰ ਦਿੱਤਾ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.) ਮੁਤਾਬਕ ਨਵੀਆਂ ਕੀਮਤਾਂ ਲਾਗੂ ਹੋ ਗਈਆਂ ਹਨ।
ਅੰਕੜਿਆਂ ਮੁਤਾਬਕ ਦਿੱਲੀ ਵਿਚ ਜੈੱਟ ਈਂਧਨ ਦੀ ਕੀਮਤ, ਜੋ ਮਾਰਚ ਵਿਚ 96,638 ਪ੍ਰਤੀ ਕਿਲੋਲੀਟਰ ਸੀ, ਹੁਣ ਵਧ ਕੇ 2,07,341 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਦਿੱਲੀ ਵਿਚ ਕੀਮਤਾਂ ਵਿਚ ਸਿੱਧਾ 115 ਫੀਸਦੀ (ਲਗਭਗ 1,10,703 ਰੁਪਏ) ਦਾ ਵਾਧਾ ਦਰਜ ਕੀਤਾ ਗਿਆ ਹੈ।
ਮਾਹਿਰਾਂ ਮੁਤਾਬਕ ਪੱਛਮੀ ਏਸ਼ੀਆ ਵਿਚ ਤਣਾਅ ਕਾਰਨ ਕੱਚੇ ਤੇਲ ਦੀ ਸਪਲਾਈ ਚੇਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਸਪਲਾਈ ਘੱਟ ਹੋਣ ਅਤੇ ਮੰਗ ਵਧਣ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ, ਜਿਸ ਦਾ ਸਿੱਧਾ ਅਸਰ ਭਾਰਤੀ ਹਵਾਈ ਈਂਧਨ ‘ਤੇ ਦੇਖਣ ਨੂੰ ਮਿਲ ਰਿਹਾ ਹੈ।
ਹਵਾਈ ਈਂਧਨ ਦੀਆਂ ਕੀਮਤਾਂ ਵਿੱਚ ਇਸ ਇਤਿਹਾਸਕ ਵਾਧੇ ਤੋਂ ਬਾਅਦ ਹੁਣ ਹਵਾਈ ਜਹਾਜ਼ ਦੀਆਂ ਟਿਕਟਾਂ ਮਹਿੰਗੀਆਂ ਹੋਣਾ ਲਗਭਗ ਤੈਅ ਹੈ। ਏਅਰਲਾਈਨ ਕੰਪਨੀਆਂ ‘ਤੇ ਵਧੇ ਹੋਏ ਖਰਚੇ ਦਾ ਬੋਝ ਅੰਤ ਵਿੱਚ ਯਾਤਰੀਆਂ ਦੀ ਜੇਬ ‘ਤੇ ਹੀ ਪਵੇਗਾ। ਗਰਮੀਆਂ ਦੀਆਂ ਛੁੱਟੀਆਂ ਵਿੱਚ ਸਫ਼ਰ ਕਰਨ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਇਹ ਖ਼ਬਰ ਵੱਡਾ ਝਟਕਾ ਸਾਬਤ ਹੋ ਸਕਦੀ ਹੈ।
ਪੰਛਮੀ ਏਸ਼ੀਆ ਸੰਕਟ : ਹੁਣ ਹਵਾਈ ਸਫ਼ਰ ਹੋਇਆ ਹੋਰ ਮਹਿੰਗਾ!

