#Featured

ਪੰਚਾਇਤ ਚੋਣਾਂ: ਹਾਈ ਕੋਰਟ ਵੱਲੋਂ ਪਟੀਸ਼ਨਾਂ ‘ਤੇ ਸੁਣਵਾਈ ਸੋਮਵਾਰ ਨੂੰ

ਚੰਡੀਗੜ੍ਹ, 12 ਅਕਤੂਬਰ (ਪੰਜਾਬ ਮੇਲ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਚਾਇਤੀ ਚੋਣਾਂ ‘ਚ ਹੋਈਆਂ ਕਥਿਤ ਬੇਨਿਯਮੀਆਂ ਖ਼ਿਲਾਫ਼ ਦਾਇਰ ਪਟੀਸ਼ਨਾਂ ‘ਤੇ ਹੁਣ ਸੁਣਵਾਈ ਸੋਮਵਾਰ ਨੂੰ ਕੀਤੀ ਜਾਵੇਗੀ। ਅਦਾਲਤ ਵਿਚ ਨਵੀਆਂ ਪਟੀਸ਼ਨਾਂ ਵੀ ਦਾਇਰ ਹੋਈਆਂ ਹਨ ਅਤੇ ਅਦਾਲਤ ਨੇ ਸਮੁੱਚੀਆਂ ਪਟੀਸ਼ਨਾਂ ‘ਤੇ ਸੁਣਵਾਈ ਸੋਮਵਾਰ ਨੂੰ ਹੀ ਕਰਨ ਦਾ ਫ਼ੈਸਲਾ ਕੀਤਾ ਹੈ। ਅਦਾਲਤ ਵੱਲੋਂ ਪਹਿਲਾਂ ਹੀ ਨੌਂ ਅਕਤੂਬਰ ਨੂੰ ਕਰੀਬ ਢਾਈ ਸੌ ਪੰਚਾਇਤਾਂ ਦੀ ਚੋਣ ‘ਤੇ ਰੋਕ ਲਗਾਈ ਜਾ ਚੁੱਕੀ ਹੈ। ਹਾਈ ਕੋਰਟ ਦੇ ਸਖ਼ਤ ਰੌਂਅ ਮਗਰੋਂ ਕੁੱਲ ਪਟੀਸ਼ਨਾਂ ਦੀ ਗਿਣਤੀ ਹੁਣ ਛੇ ਸੌ ਨੂੰ ਪਾਰ ਕਰ ਗਈ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਰੋਜ਼ਾਨਾ ਵੱਡੀ ਗਿਣਤੀ ‘ਚ ਨਵੀਆਂ ਪਟੀਸ਼ਨਾਂ ਦਾਇਰ ਹੋ ਰਹੀਆਂ ਹਨ। ਢਾਈ ਸੌ ਪੰਚਾਇਤਾਂ ਦੀਆਂ ਪਟੀਸ਼ਨਾਂ ‘ਤੇ ਸੁਣਵਾਈ 14 ਅਕਤੂਬਰ ਨੂੰ ਰੱਖੀ ਗਈ ਹੈ। ਕੁੱਝ ਪਟੀਸ਼ਨਾਂ ‘ਤੇ ਸੁਣਵਾਈ 16 ਅਕਤੂਬਰ ਨੂੰ ਹੋਣੀ ਹੈ। ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਆਖ ਰਹੇ ਹਨ ਕਿ ਅਦਾਲਤ ਵਿਚ ਅਰਜ਼ੀ ਲਾਈ ਗਈ ਹੈ ਕਿ 16 ਅਕਤੂਬਰ ਵਾਲੀਆਂ ਪਟੀਸ਼ਨਾਂ ਦੀ ਸੁਣਵਾਈ ਵੀ 14 ਅਕਤੂਬਰ ‘ਤੇ ਹੀ ਰੱਖ ਲਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਚੋਣਾਂ ਅੱਗੇ ਪਾਉਣ ਦਾ ਕੋਈ ਇਰਾਦਾ ਨਹੀਂ ਹੈ ਅਤੇ ਨਾ ਹੀ ਚੋਣ ਪ੍ਰਕਿਰਿਆ ‘ਤੇ ਕੋਈ ਅਸਰ ਪਵੇਗਾ। ਜ਼ਿਆਦਾ ਪਟੀਸ਼ਨਾਂ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕੇ ਜਾਣ ਜਾਂ ਫਿਰ ਕਾਗ਼ਜ਼ ਰੱਦ ਕੀਤੇ ਜਾਣ ਨਾਲ ਸਬੰਧਿਤ ਹਨ। ਗਿੱਦੜਬਾਹਾ ਹਲਕੇ ਦੇ ਉਮੀਦਵਾਰਾਂ ਨਾਲ ਧੱਕੇਸ਼ਾਹੀ ਹੋਣ ਦੇ ਇਲਜ਼ਾਮ ਕਾਂਗਰਸ ਵੱਲੋਂ ਲਗਾਏ ਜਾ ਰਹੇ ਹਨ। ਪੰਚਾਇਤ ਚੋਣਾਂ ਵਿਚ ਹੋਈਆਂ ਕਥਿਤ ਬੇਨਿਯਮੀਆਂ ਕਰਕੇ ਪਟੀਸ਼ਨਰਾਂ ਦੀ ਗਿਣਤੀ ਵਧ ਗਈ ਹੈ, ਜਿਸ ਨਾਲ ਵਕੀਲਾਂ ਦਾ ਕੰਮ ਵਧ ਗਿਆ ਹੈ। ਰਿਪੋਰਟਾਂ ਮੁਤਾਬਕ ਰਿਟਰਨਿੰਗ ਅਫ਼ਸਰ ਹਾਈ ਕੋਰਟ ਦੀ ਸਖ਼ਤੀ ਕਰਕੇ ਡਰੇ ਹੋਏ ਹਨ ਅਤੇ ਪੀੜਤ ਉਮੀਦਵਾਰਾਂ ਨੂੰ ਕਾਫ਼ੀ ਉਮੀਦ ਜਾਗੀ ਹੋਈ ਹੈ।
ਹਾਈ ਕੋਰਟ ਤੋਂ ਬਹੁਤ ਉਮੀਦਾਂ: ਰਾਜਾ ਵੜਿੰਗ
ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਸੋਮਵਾਰ ਨੂੰ ਹੋਣ ਵਾਲੀ ਸੁਣਵਾਈ ਤੋਂ ਉਨ੍ਹਾਂ ਨੂੰ ਬਹੁਤ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਗਿੱਦੜਬਾਹਾ ਹਲਕੇ ਵਿਚ ਤਾਂ ਰਿਟਰਨਿੰਗ ਅਫ਼ਸਰਾਂ ਨੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਨਾਲ ਛੇੜ-ਛਾੜ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਤਰਫ਼ੋਂ ਸਬੰਧਿਤ ਐੱਸ.ਡੀ.ਐੱਮ. ਅਤੇ ਰਿਟਰਨਿੰਗ ਅਫ਼ਸਰਾਂ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਕਰਕੇ ਪਰਚਾ ਦਰਜ ਕਰਾਉਣ ਦੀ ਮੰਗ ਕੀਤੀ ਹੈ।