#PUNJAB

ਪੰਚਾਇਤੀ ਚੋਣਾਂ: ਹਾਈ ਕੋਰਟ ਵੱਲੋਂ ਕਿਸ਼ਨਪੁਰਾ ਪਿੰਡ ਦੀ ਚੋਣ ਪ੍ਰਕੀਰਿਆ ‘ਤੇ ਰੋਕ

ਚੰਡੀਗੜ੍ਹ, 9 ਅਕਤੂਬਰ (ਪੰਜਾਬ ਮੇਲ)- ਸੂਬੇ ਵਿਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ। ਇਸ ਤੋਂ ਐਨ ਪਹਿਲਾਂ ਪਿੰਡ ਕਿਸ਼ਨਪੁਰਾ ਕਲਾਂ ਦੀ ਚੋਣ ਪ੍ਰਕੀਰਿਆ ਵਿਵਾਦਾਂ ‘ਚ ਘਿਰ ਗਈ ਹੈ। ਸਰਪੰਚੀ ਚੋਣ ਲੜਣ ਦੇ ਚਾਹਵਾਨ ਉਮੀਦਵਾਰ ਵੱਲੋਂ ਦਾਖ਼ਲ ਪਟੀਸ਼ਨ ‘ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਮੋਗਾ ਦੀ ਤਹਿਸੀਲ ਧਰਮਕੋਟ ਵਿਚ ਪੈਂਦੇ ਪਿੰਡ ਕਿਸ਼ਨਪੁਰਾ ਕਲਾਂ ਵਿਚ ਚੋਣ ਪ੍ਰਕੀਰਿਆ ‘ਤੇ ਰੋਕ ਲਗਾ ਦਿੱਤੀ ਹੈ। ਇਸ ਮਾਮਲੇ ‘ਚ ਅਗਲੀ ਸੁਣਵਾਈ 11 ਅਕਤੂਬਰ ਨੂੰ ਹੋਵੇਗੀ, ਜਿਸ ਵਿਚ ਇਸ ਚੋਣ ਬਾਰੇ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ।
ਦਰਅਸਲ, ਇਸ ਪਿੰਡ ਤੋਂ ਸਰਪੰਚੀ ਦੀ ਚੋਣ ਲੜਣ ਦੇ ਚਾਹਵਾਨ ਰਾਕੇਸ਼ ਕੁਮਾਰ ਸ਼ਰਮਾ ਨੇ ਸੂਬਾ ਚੋਣ ਕਮਿਸ਼ਨ ਦੇ ਖ਼ਿਲਾਫ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਇਕ ਪਟੀਸ਼ਨ ਦਾਖ਼ਲ ਕੀਤੀ ਹੈ। ਪਟੀਸ਼ਨਰ ਨੇ ਦੱਸਿਆ ਹੈ ਕਿ ਉਸ ਨੇ ਕਿਸ਼ਨਪੁਰਾ ਕਲਾਂ ਤੋਂ ਸਰਪੰਚੀ ਦੇ ਕਾਗਜ਼ ਦਾਖ਼ਲ ਕੀਤੇ ਸਨ। ਇਸ ਦੀ ਰਸੀਦ ਨਾ ਮਿਲਣ ‘ਤੇ ਉਸ ਨੇ ਜਦੋਂ ਸਬੰਧਤ ਅਧਿਕਾਰੀਆਂ ਤਕ ਪਹੁੰਚ ਕੀਤੀ ਤਾਂ ਉਨ੍ਹਾਂ ਨੇ ਰਸੀਦ ਦੇਣ ਤੋਂ ਇਨਕਾਰ ਕਰਦਿਆਂ ਕਹਿ ਦਿੱਤਾ ਕਿ ਉਸ ਦੇ ਕਾਗਜ਼ ਗੁਆਚ ਗਏ ਹਨ।
ਪਟੀਸ਼ਨਰ ਨੇ ਕਿਹਾ ਕਿ ਇਸ ਨੂੰ ਸੰਵਿਧਾਨ ਦੀ ਉਲੰਘਣਾ ਦੱਸਦਿਆਂ ਹਾਈ ਕੋਰਟ ਤੋਂ ਪਿੰਡ ‘ਚ ਸਰਪੰਚੀ ਚੋਣ ‘ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਇਸ ‘ਤੇ ਹਾਈ ਕੋਰਟ ਵੱਲੋਂ ਪੰਜਾਬ ਦੇ ਡੀ.ਏ.ਜੀ. ਜੇ.ਐੱਸ. ਰੱਤੂ ਨੂੰ ਨੋਟਿਸ ਸੌਂਪ ਦਿੱਤਾ ਗਿਆ ਹੈ ਤੇ 11 ਅਕਤੂਬਰ ਤੱਕ ਜਵਾਬ ਦਾਖ਼ਲ ਕਰਨ ਦੀ ਹਦਾਇਤ ਕੀਤੀ ਗਈ ਹੈ। ਉਦੋਂ ਤਕ ਇਸ ਪਿੰਡ ਵਿਚ ਚੋਣ ਪ੍ਰਕੀਰਿਆ ‘ਤੋ ਰੋਕ ਲਗਾ ਦਿੱਤੀ ਗਈ ਹੈ।