ਮਜੀਠਾ, 9 ਅਕਤੂਬਰ (ਪੰਜਾਬ ਮੇਲ)- ਮਜੀਠਾ ਬਲਾਕ ਹੇਠ ਆਉਂਦੇ ਪਿੰਡ ਧਰਮਪੁਰਾ (ਵਡਾਲਾ) ਦੇ ਲੋਕਾਂ ਨੇ ਐੱਸ.ਡੀ.ਐੱਮ. ਦਫ਼ਤਰ ਮਜੀਠਾ ਵਿਖੇ ਸਿਵਲ ਪ੍ਰਸ਼ਾਸਨ ਵਲੋਂ ਕੀਤੀ ਕਥਿਤ ਧੱਕੇਸ਼ਾਹੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਪਿੰਡ ਦੇ ਸਾਬਕਾ ਸਰਪੰਚ ਬਲਬੀਰ ਸਿੰਘ ਤੇ ਸਾਬਕਾ ਸਰਪੰਚ ਦੁਰਗਾ ਦਾਸ ਨੇ ਦੋਸ਼ ਲਗਾਉਂਦੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਸਰਪੰਚ ਐੱਸ.ਸੀ. ਲੇਡੀਜ਼ ਵਾਸਤੇ ਰਿਜ਼ਰਵ ਸੀਟ ਹੈ। ਚੋਣਾਂ ਸਬੰਧੀ ਨਾਮਜ਼ਦਗੀ ਪੱਤਰਾਂ ਦੀ ਪ੍ਰਕਿਰਿਆ ਸ਼ਰੂ ਹੋਣ ਤੋ ਪਹਿਲਾਂ ਹੀ ਸਾਰੇ ਪਿੰਡ ਦੇ ਲੋਕਾਂ ਤੇ ਸਭ ਸਿਆਸੀ ਧੜਿਆਂ ਨੇ ਇਕਜੁੱਟ ਹੁੰਦੇ ਹੋਏ ਜਸਬੀਰ ਕੌਰ ਪਤਨੀ ਗੁਰਮੇਜ਼ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਸੀ ਤੇ ਇਸ ਦੇ ਨਾਲ ਹੀ ਪਿੰਡ ਵਿਚ ਗੁਰਜੀਤ ਕੌਰ ਪਤਨੀ ਸੇਵਾ ਸਿੰਘ, ਪ੍ਰਦੀਪ ਕੌਰ ਪਤਨੀ ਬਲਕਾਰ ਸਿੰਘ, ਅੱਛਰ ਸਿੰਘ ਪੁੱਤਰ ਫੌਜਾ ਰਾਮ, ਸਤਨਾਮ ਸਿੰਘ ਪੁੱਤਰ ਪਿਆਰਾ ਲਾਲ ਅਤੇ ਨੇਹਾ ਪਤਨੀ ਕੁਲਵੰਤ ਸਿੰਘ ਨੂੰ ਵੀ ਪੂਰੀ ਸਰਬਸੰਮਤੀ ਨਾਲ ਮੈਂਬਰ ਪੰਚਾਇਤ ਚੁਣ ਲਿਆ ਸੀ। ਬਲਬੀਰ ਸਿੰਘ ਦੇ ਕਹਿਣ ਮੁਤਾਬਕ ਉਨ੍ਹਾਂ ਨੇ ਸਰਬਸੰਮਤੀ ਨਾਲ ਚੁਣੇ ਮੈਂਬਰਾਂ ਤੇ ਸਰਪੰਚ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾ ਦਿੱਤੇ, ਜਦਕਿ ਇਨ੍ਹਾਂ ਦੇ ਕਵਰਿੰਗ ਉਮੀਦਵਾਰਾਂ ਵਾਸਤੇ ਕਾਗਜ਼ ਦਾਖ਼ਲ ਨਹੀਂ ਕਰਵਾਏ ਸਨ। ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਸਾਰੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਹੋਈ ਹੈ। ਪਰ ਹੱਦ ਉਸ ਵੇਲੇ ਹੋਈ, ਜਦੋਂ 4 ਅਕਤੂਬਰ ਨੂੰ ਲਖਬੀਰ ਕੌਰ ਪਤਨੀ ਦਰਸ਼ਨ ਸਿੰਘ ਵੱਲੋਂ ਆਪਣੀ ਇਕੱਲੇ ਦੇ ਧੋਖੇ ਨਾਲ ਕਾਗ਼ਜ਼ ਦਾਖ਼ਲ ਕਰਵਾ ਦਿੱਤੇ। ਜਿਸ ਵਲੋਂ ਅਧਿਕਾਰੀਆਂ ਨਾਲ ਕਥਿਤ ਮਿਲੀਭੁਗਤ ਕਰ ਕੇ ਸਰਬਸੰਮਤੀ ਨਾਲ ਚੁਣੇ ਮੈਂਬਰਾਂ ਦੇ ਕਾਗਜ਼ ਰੱਦ ਕਰਵਾ ਦਿੱਤੇ ਅਤੇ ਆਪ ਇਕੱਲਾ ਹੀ ਸਰਪੰਚ ਦਾ ਉਮੀਦਵਾਰ ਬਣ ਕੇ ਰਹਿ ਗਿਆ। ਇਸ ਮੌਕੇ ਪਤਾ ਲੱਗਣ ‘ਤੇ ਸਾਰਾ ਪਿੰਡ ਲਖਬੀਰ ਕੌਰ ਪਤਨੀ ਦਰਸ਼ਨ ਸਿੰਘ ਦੇ ਖ਼ਿਲਾਫ਼ ਖੜ੍ਹਾ ਹੋ ਗਿਆ ਅਤੇ ਪਿੰਡ ਵਿਚ ਹੀ ਉਸ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਮੰਗਲਵਾਰ ਧਰਮਪੁਰਾ ਪਿੰਡ ਦੇ ਸਰਬਸੰਮਤੀ ਨਾਲ ਚੁਣੇ ਸਰਪੰਚ ਤੇ ਮੈਂਬਰਾਂ ਨੇ ਐੱਸ.ਡੀ.ਐੱਮ. ਦਫ਼ਤਰ ਵਿਖੇ ਆ ਕੇ ਪ੍ਰਸ਼ਾਸਨ ਖ਼ਿਲਾਫ਼ ਇਨਸਾਫ਼ ਲੈਣ ਵਾਸਤੇ ਨਾਅਰੇਬਾਜ਼ੀ ਕੀਤੀ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮਜੀਠਾ ਅਮਨਦੀਪ ਸਿੰਘ ਥਿੰਦ ਨੂੰ ਇਨਸਾਫ਼ ਲੈਣ ਵਾਸਤੇ ਮੰਗ ਪੱਤਰ ਦਿੱਤਾ। ਜਿਸ ‘ਤੇ ਬੀ.ਡੀ.ਪੀ.ਓ. ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਮੰਗ ਪੱਤਰ ਨੂੰ ਉੱਚ ਅਧਿਕਾਰੀਆਂ ਤੱਕ ਯੋਗ ਕਾਰਵਾਈ ਕਰਨ ਵਾਸਤੇ ਭੇਜ ਦਿੱਤਾ ਜਾਵੇਗਾ। ਜਿਸ ‘ਤੇ ਸ਼ਾਂਤ ਹੋ ਕੇ ਪਿੰਡ ਵਾਸੀ ਵਾਪਸ ਚਲੇ ਗਏ, ਪਰ ਕੁੱਲ ਮਿਲਾ ਕੇ ਸਰਬਸੰਮਤੀ ਨਾਲ ਚੁਣੀ ਗਈ ਸਾਰੀ ਦੀ ਸਾਰੀ ਪੰਚਾਇਤ ਹੀ ਹੁਣ ਸਦਮੇ ਵਿਚ ਹੈ ਕਿ ਪਤਾ ਨਹੀਂ ਅਫ਼ਸਰ ਉਨ੍ਹਾਂ ਦੇ ਹੱਕ ‘ਚ ਫ਼ੈਸਲਾ ਦੇਣਗੇ ਵੀ ਜਾਂ ਨਹੀਂ।
ਪੰਚਾਇਤੀ ਚੋਣਾਂ: ਸਰਬਸੰਮਤੀ ਨਾਲ ਚੁਣੀ ਪੰਚਾਇਤ ਦੇ ਕਾਗ਼ਜ਼ ਹੀ ਹੋ ਗਏ ਰੱਦ
