#INDIA

ਪ੍ਰਸਿੱਧ ਮਲਿਆਲੀ ਅਦਾਕਾਰ ਦੀ ਸ਼ੱਕੀ ਹਾਲਤ ‘ਚ ਮਿਲੀ ਲਾਸ਼

ਨਵੀਂ ਦਿੱਲੀ, 20 ਨਵੰਬਰ (ਪੰਜਾਬ ਮੇਲ) – ਮਲਿਆਲੀ ਫ਼ਿਲਮਾਂ ਦੇ ਮਸ਼ਹੂਰ ਐਕਟਰ ਵਿਨੋਦ ਥਾਮਸ (45) ਦੀ ਸ਼ੱਕੀ ਹਾਲਤ ਵਿਚ ਲਾਸ਼ ਮਿਲੀ ਹੈ। ਕੋਟਾਇਮ ‘ਚ ਪੰਪੜੀ ਕੋਲ ਅਭਿਨੇਤਾ ਦੀ ਲਾਸ਼ ਮਿਲੀ ਹੈ। ਹੋਟਲ ਮੈਨੇਜਮੈਂਟ ਨੇ ਆਪਣੇ ਹੋਟਲ ਦੀ ਪਾਰਕਿੰਗ ਵਿਚ ਕਾਰ ਦੇ ਅੰਦਰ ਇਕ ਵਿਅਕਤੀ ਨੂੰ ਬਹੁਤ ਦੇਰ ਤੱਕ ਬੈਠਾ ਦੇਖਿਆ ਸੀ। ਉਨ੍ਹਾਂ ਨੇ ਹੀ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ।
ਪੁਲਿਸ ਦੀ ਟੀਮ ਸੂਚਨਾ ਮਿਲਦਿਆਂ ਹੀ ਤੁਰੰਤ ਐਕਸ਼ਨ ਵਿਚ ਆ ਗਈ। ਪੁਲਿਸ ਨੇ ਹੋਟਲ ਦੀ ਪਾਰਕਿੰਗ ਵਿਚ ਪਹੁੰਚ ਕੇ ਐਕਟਰ ਨੂੰ ਕਾਰ ‘ਚੋਂ ਬਾਹਰ ਕੱਢਿਆ। ਇਸ ਤੋਂ ਬਾਅਦ ਵਿਨੋਦ ਨੂੰ ਪੁਲਿਸ ਨੇੜਲੇ ਹਸਪਤਾਲ ਵਿਚ ਲੈ ਗਈ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਅਜੇ ਤੱਕ ਐਕਟਰ ਦੀ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗਾ ਹੈ। ਵਿਨੋਦ ਥਾਮਸ ਦੀ ਮੌਤ ਦੀ ਖ਼ਬਰ ਦੇ ਸਾਹਮਣੇ ਆਉਣ ਨਾਲ ਸਿਨੇਮਾ ਜਗਤ ਵਿਚ ਹਲਚਲ ਮਚ ਗਈ।