#CANADA

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦੇ ਨਵ-ਪ੍ਰਕਾਸ਼ਿਤ ਨਾਵਲ ‘ਨਾਬਰ’ ‘ਤੇ ਹੋਈ ਭਰਵੀਂ ਵਿਚਾਰ ਚਰਚਾ

ਸਰੀ, 19 ਮਾਰਚ (ਹਰਦਮ ਮਾਨ/ਪੰਜਾਬ ਮੇਲ)-ਵੈਨਕੂਵਰ ਵਿਚਾਰ ਮੰਚ ਵੱਲੋਂ ਬੀਤੇ ਦਿਨੀਂ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦੇ ਨਵ-ਪ੍ਰਕਾਸ਼ਿਤ ਨਾਵਲ ‘ਨਾਬਰ’ ‘ਤੇ ਵਿਚਾਰ-ਚਰਚਾ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਦੇ ਵਿਹੜੇ ਵਿਚ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਜਰਨੈਲ ਸਿੰਘ ਸੇਖਾ, ਪ੍ਰੋ. ਹਰਿੰਦਰ ਕੌਰ ਸੋਹੀ ਅਤੇ ਡਾ. ਹਰਜੋਤ ਕੌਰ ਖਹਿਰਾ ਨੇ ਕੀਤੀ। ਇਸ ਸਮਾਗਮ ਵਿਚ ਨਾਵਲ ਉੱਪਰ ਬਹੁਤ ਹੀ ਸਾਰਥਿਕ ਵਿਚਾਰ ਚਰਚਾ ਹੋਈ, ਜਿਸ ਵਿਚ ਸਰੀ, ਬਰਨਬੀ, ਵੈਨਕੂਵਰ ਤੋਂ ਪਹੁੰਚੇ ਕਈ ਵਿਦਵਾਨਾਂ, ਸਾਹਿਤਕਾਰਾਂ ਨੇ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ।
ਸਮਾਗਮ ਦਾ ਆਗਾਜ਼ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਉਨ੍ਹਾਂ ਵੈਨਕੂਵਰ ਵਿਚਾਰ ਮੰਚ ਦੀ ਸਥਾਪਨਾ ਸਬੰਧੀ ਸੰਖੇਪ ਵਿਚ ਜਾਣਕਾਰੀ ਪ੍ਰਦਾਨ ਕੀਤੀ। ਮੰਚ ਸੰਚਾਲਕ ਮੋਹਨ ਗਿੱਲ ਨੇ ਸ਼ੁਰੂਆਤ ਵਿਚ ਜਰਨੈਲ ਸਿੰਘ ਸੇਖਾ ਦੇ ਸਾਹਿਤਕ ਸਫਰ ਬਾਰੇ ਦੱਸਦਿਆਂ ਕਿਹਾ ਕਿ ਪੰਜਾਬੀ ਸਾਹਿਤ ਵਿਚ ਉਨ੍ਹਾਂ ਦਾ ਮਾਨਯੋਗ ਸਥਾਨ ਹੈ। ਸ. ਸੇਖਾ ਹੁਣ ਤੱਕ ਦੋ ਕਹਾਣੀ ਸੰਗ੍ਰਹਿ ਅਤੇ ਚਾਰ ਨਾਵਲ ਪੰਜਾਬੀ ਸਾਹਿਤ ਨੂੰ ਦੇ ਚੁੱਕੇ ਹਨ। ਇਹ ਉਨ੍ਹਾਂ ਦਾ ਪੰਜਵਾਂ ਨਾਵਲ ਹੈ। ਉਨ੍ਹਾਂ ਦਾ ਇੱਕ ਸਫਰਨਾਮਾ ‘ਦੁੱਲੇ ਦੀ ਢਾਬ’ ਵੀ ਛੱਪ ਚੁੱਕਿਆ ਹੈ ਅਤੇ ‘ਕੰਡਿਆਰੇ ਪੰਧ’ ਉਨ੍ਹਾਂ ਦੀ ਸਵੈ-ਜੀਵਨੀ ਦੀ ਵੱਡ ਅਕਾਰੀ ਪੁਸਤਕ ਹੈ। ਉਨ੍ਹਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਹਿੰਦੀ ਵਿਚ ਵੀ ਛੱਪ ਚੁੱਕੀਆਂ ਹਨ। ਮੋਹਨ ਗਿੱਲ ਨੇ ਡਾ. ਗੁਰਮਿੰਦਰ ਸਿੱਧੂ ਵੱਲੋਂ ਇਸ ਨਾਵਲ ਲਈ ਭੇਜਿਆ ਕਾਵਿਕ ਸੁਨੇਹਾ ਵੀ ਪੜ੍ਹਿਆ।
ਨਾਵਲ ਉੱਪਰ ਪਹਿਲਾ ਪਰਚਾ ਡਾ. ਹਰਜੋਤ ਕੌਰ ਖਹਿਰਾ ਨੇ ਪੇਸ਼ ਕੀਤਾ। ਉਨ੍ਹਾਂ ਆਪਣੇ ਪਰਚੇ ਵਿਚ ਕਿਹਾ ਕਿ ਇਹ ਨਾਵਲ ਸਾਰੇ ਦਾ ਸਾਰਾ ਬਹੁਤ ਸਾਰੇ ਘਟਨਾਕ੍ਰਮ ਦੇ ਰਾਹੀਂ ਰਾਜਨੀਤਿਕ ਅਤੇ ਇਤਿਹਾਸਿਕ ਪੜਾਵਾਂ ਵਿਚੋਂ ਗੁਜ਼ਰਦਾ ਹੋਇਆ ਵਰਤਮਾਨ ਸਮੇਂ ਵਿਚ ਸ਼ਾਮਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਵਲ ਦਾ ਬਿਰਤਾਂਤ 1965 ਤੋਂ ਸ਼ੁਰੂ ਹੁੰਦਾ ਹੈ ਅਤੇ ਏਨੇ ਲੰਮੇਂ ਅਰਸੇ ਦੌਰਾਨ ਦੀਆਂ ਚਾਰ ਪੀੜ੍ਹੀਆਂ ਦੀ ਦਾਸਤਾਨ, ਇਸ ਸਮੇਂ ਦੇ ਸਮਾਜਿਕ, ਪਰਿਵਾਰਕ ਹਾਲਾਤ ਦੀ ਬਹੁਤ ਸਹੀ ਜਾਣਕਾਰੀ ਦੇਣ ਵਿਚ ਨਾਵਲਕਾਰ ਸਫਲ ਰਿਹਾ ਹੈ।
ਦੂਜਾ ਪਰਚਾ ਪ੍ਰੋ. ਹਰਿੰਦਰ ਕੌਰ ਸੋਹੀ ਵੱਲੋਂ ਪੜ੍ਹਿਆ ਗਿਆ। ਮੈਡਮ ਸੋਹੀ ਨੇ ਨਾਵਲ ਦੇ ਵਿਸ਼ਾ ਪੱਖ ਅਤੇ ਕਲਾ ਪੱਖ ਦੀ ਗੱਲ ਕੀਤੀ।
ਰਾਜਵੰਤ ਰਾਜ ਨੇ ਆਪਣੇ ਸੰਖੇਪ ਪਰਚੇ ਵਿਚ ਕਿਹਾ ਕਿ ‘ਨਾਬਰ’ ਨਾਵਲ ਦੇ ਵਿਚ ਵੱਡਾ ਸਨੇਹਾ ਇਹ ਦਿੱਤਾ ਗਿਆ ਹੈ ਕਿ ਔਰਤ ਅਤੇ ਮਰਦ ਇੱਕ ਦੂਜੇ ਦੇ ਪੂਰਕ ਹਨ, ਕਿਸੇ ਨੂੰ ਵੀ ਕਿਸੇ ਉੱਤੇ ਜ਼ੁਲਮ ਕਰਨ ਦਾ ਹੱਕ ਨਹੀਂ ਹੈ। ਇਹ ਨਾਵਲ ਨਾ-ਬਰਾਬਰੀ ਵਾਲੀ ਪਹੁੰਚ ਨੂੰ ਰੱਦ ਕਰਕੇ ਬਰਾਬਰੀ ਵਾਲੀ ਪਹੁੰਚ ਦੀ ਹਾਮੀ ਭਰਦਾ ਹੈ।
ਪੱਤਰਕਾਰ ਅਤੇ ਸਾਹਿਤਕਾਰ ਬਖਸ਼ਿੰਦਰ ਨੇ ਕਿਹਾ ਕਿ ਨਾਵਲਕਾਰ ਪਹਿਲੇ ਸੰਵਾਦ ਤੋਂ ਹੀ ਇਹ ਦੱਸਣ ਦਾ ਆਹਰ ਕਰਦਾ ਦਿੱਸਣ ਲੱਗ ਪੈਂਦਾ ਹੈ ਕਿ ਉਸ ਦਾ ਵਿਸ਼ਾ ਮਰਦ ਔਰਤ ਵਿਚਲੀ ਅਸਮਾਨਤਾ ਹੀ ਹੈ। ਨਾਵਲਕਾਰ ਦੇ ਲੇਖਕੀ ਅਮਲ ਦਾ ਇਕ ਵੱਡਾ ਨੁਕਸ ਹੈ। ਉਨ੍ਹਾਂ ਨਾਵਲ ਵਿਚ ਕਈ ਥਾਈਂ ਦੋਹਰਾਏ ਗਏ ਸੰਵਾਦ ਉਪਰ ਵੀ ਉਂਗਲ ਉਠਾਈ। ਪ੍ਰਸਿੱਧ ਸ਼ਾਇਰ ਅਜਮੇਰ ਰੋਡੇ ਨੇ ਨਾਵਲ ਦੇ ਅੰਤ ਉੱਤੇ ਨਾਵਲਕਾਰ ਵੱਲੋਂ ਕਾਹਲੀ ਕਰਨ ਦੀ ਗੱਲ ਕਹੀ। ਡਾ. ਪ੍ਰਿਥੀਪਾਲ ਸਿੰਘ ਸੋਹੀ ਨੇ ਕਿਹਾ ਕਿ 90 ਸਾਲਾਂ ਦੀ ਜ਼ਿੰਦਗੀ ਦੌਰਾਨ ਵੱਖ-ਵੱਖ ਪੜਾਅ ਹੰਢਾਅ ਚੁੱਕੇ ਜਰਨੈਲ ਸਿੰਘ ਸੇਖਾ ਨੇ ਇਸ ਨਾਵਲ ਰਾਹੀਂ ਜਗੀਰੂਵਾਦ, ਪੂੰਜੀਵਾਦ ਅਤੇ ਵਿਅਕਤੀਵਾਦ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਹੈ।
ਨਾਵਲ ਉੱਪਰ ਹੋਰਨਾਂ ਤੋਂ ਇਲਾਵਾ ਸੁਰਜੀਤ ਕੌਰ ਕਲਸੀ, ਗੁਰਮੀਤ ਸਿੰਘ ਸਿੱਧੂ, ਗੁਰਦਰਸ਼ਨ ਸਿੰਘ ਬਾਦਲ, ਇੰਦਰਜੀਤ ਸਿੰਘ ਧਾਮੀ, ਸੁਰਿੰਦਰ ਚਾਹਲ, ਅਮਰੀਕ ਪਲਾਹੀ, ਮੀਨੂ ਬਾਵਾ, ਅਸ਼ੋਕ ਭਾਰਗਵ, ਜਸਬੀਰ ਕੌਰ ਮਾਨ, ਦਰਸ਼ਨ ਸੰਘਾ ਅਤੇ ਬਿੰਦੂ ਮਠਾੜੂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਅੰਤ ਵਿਚ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਵਿਚਾਰ ਚਰਚਾ ਵਿਚ ਸ਼ਾਮਿਲ ਸਭਨਾਂ ਵਿਦਵਾਨਾਂ ਲੇਖਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਵਿਦਵਾਨਾਂ ਵੱਲੋਂ ਮਿਲੇ ਸੁਝਾਵਾਂ ਉੱਪਰ ਉਹ ਜ਼ਰੂਰ ਗੌਰ ਕਰਨਗੇ। ਸਮੁੱਚੇ ਸਮਾਗਮ ਦਾ ਸੰਚਾਲਨ ਮੋਹਨ ਗਿੱਲ ਅਤੇ ਅੰਗਰੇਜ਼ ਬਰਾੜ ਨੇ ਬਾਖੂਬੀ ਕੀਤਾ। ਵਿਚਾਰ ਚਰਚਾ ਤੋਂ ਪਹਿਲਾਂ ਨਾਵਲ ਰਿਲੀਜ਼ ਕਰਨ ਦੀ ਰਸਮ ਡਾ. ਹਰਜੋਤ ਕੌਰ ਖਹਿਰਾ, ਪ੍ਰੋ. ਹਰਿੰਦਰ ਕੌਰ ਸੋਹੀ ਅਤੇ ਮੰਚ ਤੇ ਸੇਖਾ ਪਰਿਵਾਰ ਦੇ ਮੈਂਬਰਾਂ ਨੇ ਅਦਾ ਕੀਤੀ।