#CANADA

ਪ੍ਰਸਿੱਧ ਕਾਲਮ ਨਵੀਸ ਉਜਾਗਰ ਸਿੰਘ Lifetime Achievement ਅਵਾਰਡ ਨਾਲ ਸਨਮਾਨਿਤ

ਸਰੀ, 14 ਦਸੰਬਰ (ਹਰਦਮ ਮਾਨ/ਪੰਜਾਬ ਮੇਲ)- ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਅਤੇ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਵੱਲੋਂ ਪੰਜਾਬੀ ਦੇ ਪ੍ਰਸਿੱਧ ਕਾਲਮ ਨਵੀਸ, ਲੇਖਕ ਅਤੇ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਪਟਿਆਲਾ ਉਜਾਗਰ ਸਿੰਘ ਨੂੰ ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਦੇ ਵਿਹੜੇ ਵਿਖੇ ਇਕ ਸਮਾਗਮ ਵਿਚ ਉਨ੍ਹਾਂ ਨੂੰ ਇਹ ਅਵਾਰਡ ਪ੍ਰਦਾਨ ਕੀਤਾ ਗਿਆ। ਇਹ ਅਵਾਰਡ ਪ੍ਰੋ. ਬਲਕਾਰ ਸਿੰਘ, ਡਾ. ਕੇਹਰ ਸਿੰਘ ਅਤੇ ਡਾ. ਭੀਮਇੰਦਰ ਸਿੰਘ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਨੇ ਸਾਂਝੇ ਤੌਰ ‘ਤੇ ਸਨਮਾਨ ਪੱਤਰ ਅਤੇ ਸਿਰੋਪਾਓ ਦੇ ਕੇ ਪ੍ਰਦਾਨ ਕੀਤਾ।
ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਰੂਹੇ-ਰਵਾਂ ਜੈਤੇ ਸਿੰਘ ਅਨੰਤ ਨੇ ਆਪਣੇ ਇੱਕ ਸੰਦੇਸ਼ ਵਿਚ ਕਿਹਾ ਕਿ ਉਜਾਗਰ ਸਿੰਘ ਨੇ ਟਰੱਸਟ ਦੇ ਇੰਡੀਆ ਚੈਪਟਰ ਦੇ ਕੋਆਰਡੀਨੇਟਰ ਦੇ ਤੌਰ ‘ਤੇ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਉਨ੍ਹਾਂ ਦੇ ਯੋਗਦਾਨ ਲਈ ਇਹ ਅਵਾਰਡ ਇੱਕ ਤੁੱਛ ਜਿਹੀ ਭੇਟਾ ਹੈ। ਇਸ ਮੌਕੇ ਬੋਲਦਿਆਂ ਪ੍ਰੋ. ਬਲਕਾਰ ਸਿੰਘ ਨੇ ਉਜਾਗਰ ਸਿੰਘ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਸਮਾਜਿਕ ਅਤੇ ਸੱਭਿਆਚਾਰਕ ਖੇਤਰ ਵਿਚ ਕਾਰਜਸ਼ੀਲ ਹੁੰਦਿਆਂ ਪੰਜਾਬੀ ਦੀ ਪ੍ਰਫੁੱਲਤਾ ਲਈ ਵਿਲੱਖਣ ਯੋਗਦਾਨ ਪਾਇਆ ਹੈ। ਉਨ੍ਹਾਂ ਨੂੰ ਇਮਾਨਦਾਰੀ, ਮਿਹਨਤ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਪ੍ਰਤੀਬੱਧਤਾ ਦਾ ਪ੍ਰਤੀਕ ਕਿਹਾ ਜਾ ਸਕਦਾ ਹੈ। ਡਾ. ਕੇਹਰ ਸਿੰਘ ਅਤੇ ਡਾ. ਭੀਮਇੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਉਜਾਗਰ ਸਿੰਘ ਦੇ ਸਿਦਕ ਤੇ ਸਿਰੜ੍ਹ ਦੇ ਜੀਵਨ ਤੋਂ ਸਿੱਖਿਆ ਲੈ ਕੇ ਖੋਜ ਕਾਰਜ ਪ੍ਰਤੀਬੱਧਤਾ ਨਾਲ ਕਰਨੇ ਚਾਹੀਦੇ ਹਨ।
ਡਾ. ਦਰਸ਼ਨ ਸਿੰਘ ਆਸ਼ਟ ਨੇ ਉਜਾਗਰ ਸਿੰਘ ਦਾ ਸਨਮਾਨ ਪੱਤਰ ਪੜ੍ਹਦਿਆਂ ਕਿਹਾ ਕਿ ਉਜਾਗਰ ਸਿੰਘ ਨੇ ਪੰਜਾਬੀ ਬੋਲੀ ਦੀ ਝੋਲੀ ਵਿਚ ਇਕ ਦਰਜਨ ਪੁਸਤਕਾਂ ਪਾਈਆਂ ਹਨ। ਇਸ ਤੋਂ ਇਲਾਵਾ ਪੰਜਾਬੀ ਦੇ ਰਸਾਲਿਆਂ ਦੇ ਸੰਪਾਦਕ ਹੁੰਦਿਆਂ ਪੰਜਾਬੀ ਭਾਸ਼ਾ ਦੀ ਪ੍ਰਫੁਲਤਾ ਲਈ ਵੱਡਮੁੱਲਾ ਯੋਗਦਾਨ ਪਾਇਆ ਹੈ। ਉਹ ਪੰਜਾਬੀ ਭਾਸ਼ਾ ਦੇ ਵਿਕਾਸ ਸੰਬੰਧੀ ਪੂਰਨ ਸਮਰਪਿਤ ਹਨ। ਇਸ ਮੌਕੇ ‘ਤੇ ਦਲੀਪ ਸਿੰਘ ਉਪਲ ਅਤੇ ਅਵਤਾਰ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇੰਜ. ਜੋਤਿੰਦਰ ਸਿੰਘ ਨੇ ਸਮਾਗਮ ਵਿਚ ਹਿੱਸਾ ਲੈਣ ਵਾਲਿਆਂ ਦਾ ਧੰਨਵਾਦ ਕਰਦਿਆਂ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਦੀਆਂ ਸਰਗਮੀਆਂ ਬਾਰੇ ਜਾਣਕਾਰੀ ਦਿੱਤੀ।