#PUNJAB

ਪ੍ਰਵਾਸੀ ਮਜ਼ਦੂਰ ਵੱਲੋਂ ਪੰਜਾਬੀ ਵਿਅਕਤੀ ਦਾ ਕਤਲ

ਨਡਾਲਾ, 18 ਜੂਨ (ਪੰਜਾਬ ਮੇਲ)- ਪਿੰਡ ਰਾਏਪੁਰ ਅਰਾਈਆਂ ਮੰਡ ਵਿਖੇ ਇਕ ਪ੍ਰਵਾਸੀ ਮਜ਼ਦੂਰ ਤੇ ਪੰਜਾਬੀ ਮਜ਼ਦੂਰ ਵਿਚਾਲੇ ਸ਼ਰਾਬੀ ਹਾਲਤ ‘ਚ ਬਹਿਸ ਹੋ ਗਈ, ਜਿਸ ਦੌਰਾਨ ਪ੍ਰਵਾਸੀ ਨੇ ਪੰਜਾਬੀ ਮਜ਼ਦੂਰ ਨੂੰ ਸਿਰ ‘ਚ ਲੋਹੇ ਦੀ ਰਾਡ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਮੰਗਤ ਰਾਮ ਉਰਫ ਮੰਗੀ ਪੁੱਤਰ ਬਾਵਾ ਵਾਸੀ ਰਾਏਪੁਰ ਅਰਾਈਆਂ ਵਜੋਂ ਹੋਈ ਹੈ।
ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਰਾਤ ਥਾਣਾ ਮੁਖੀ ਢਿੱਲਵਾਂ ਸੁਖਬੀਰ ਸਿੰਘ ਪੁਲਿਸ ਪਾਰਟੀ ਸਣੇ ਮੌਕੇ ‘ਤੇ ਪੁੱਜੇ ਤੇ ਲਾਸ਼ ਨੂੰ ਕਬਜ਼ੇ ‘ਚ ਲਿਆ। ਉਧਰ, ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਪ੍ਰਵਾਸੀ ਮਜ਼ਦੂਰ ਸੁਸ਼ੀਲ ਕੁਮਾਰ ਵਾਸੀ ਗਾਮੇਲ, ਜ਼ਿਲ੍ਹਾ ਮਾਧੋਪੁਰ (ਬਿਹਾਰ) ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।