ਨਵੀਂ ਦਿੱਲੀ, 15 ਮਾਰਚ (ਪੰਜਾਬ ਮੇਲ)- ਸੁਰੱਖਿਅਤ ਅਤੇ ਕਾਨੂੰਨੀ ਪ੍ਰਵਾਸ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਕੇਂਦਰ ਸਰਕਾਰ ਦੇ ਯਤਨਾਂ ਦੇ ਹਿੱਸੇ ਵਜੋਂ, ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਪ੍ਰਵਾਸੀ ਭਾਰਤੀ ਸਹਾਇਤਾ ਕੇਂਦਰ ਵ੍ਹਟਸਐਪ ਚੈਨਲ ਸ਼ੁਰੂ ਕੀਤਾ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ ‘ਚ ਦਿੱਤੀ ਗਈ। ਬਿਆਨ ਦੇ ਅਨੁਸਾਰ, ਇਸ ਚੈਨਲ ਦੀ ਵਰਤੋਂ ਕਾਨੂੰਨੀ ਅਤੇ ਸੁਰੱਖਿਅਤ ਪ੍ਰਵਾਸ ਬਾਰੇ ਜਾਣਕਾਰੀ ਨੂੰ ਇਕ ਅਜਿਹੇ ਫਾਰਮੈਟ ‘ਚ ਪ੍ਰਸਾਰਿਤ ਕਰਨ ਲਈ ਕੀਤੀ ਜਾਵੇਗੀ, ਜੋ ਆਮ ਲੋਕਾਂ ਵਲੋਂ ਆਸਾਨੀ ਨਾਲ ਸਮਝਿਆ ਜਾ ਸਕੇ। ਬਿਆਨ ਦੇ ਅਨੁਸਾਰ, ਚੈਨਲ ਨੂੰ 11 ਮਾਰਚ ਨੂੰ ਸੁਸ਼ਮਾ ਸਵਰਾਜ ਭਵਨ ਵਿਖੇ ਵਿਦੇਸ਼ ਮੰਤਰਾਲਾ ਨਾਲ ਰਜਿਸਟਰਡ ਭਰਤੀ ਏਜੰਟ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਨਾਲ ਇਕ ਦਿਨਾਂ ਸੰਮੇਲਨ ਦੌਰਾਨ ਇਸ ਚੈਨਲ ਦੀ ਸ਼ੁਰੂਆਤ ਕੀਤੀ ਗਈ।
ਵਿਦੇਸ਼ ਰਾਜ ਮੰਤਰੀ ਨੇ ਆਪਣੇ ਭਾਸ਼ਣ ‘ਚ ਪ੍ਰਵਾਸ ਪ੍ਰਕਿਰਿਆ ‘ਚ ਭਰਤੀ ਏਜੰਟਾਂ ਵਲੋਂ ਨਿਭਾਈ ਗਈ ਅਹਿਮ ਭੂਮਿਕਾ ਨੂੰ ਸਵੀਕਾਰ ਕੀਤਾ ਅਤੇ ਇਸ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਮਨੁੱਖੀ ਸਰੋਤਾਂ ਦੇ ਹੁਨਰ ਵਿਕਾਸ ਅਤੇ ਅਤਿ-ਆਧੁਨਿਕ ਸੂਚਨਾ ਤਕਨਾਲੋਜੀ ਦੇ ਇਸਤੇਮਾਲ ਸਮੇਤ ਵੱਖ-ਵੱਖ ਪਹਿਲਾਂ ‘ਤੇ ਚਾਨਣਾ ਪਾਇਆ। ਸਿੰਘ ਨੇ ਭਰਤੀ ਏਜੰਟਾਂ ਨੂੰ ਵਿਦੇਸ਼ ‘ਚ ਪ੍ਰਵਾਸੀ ਮਜ਼ਦੂਰਾਂ ਦੇ ਕਾਨੂੰਨੀ ਅਤੇ ਸੁਰੱਖਿਅਤ ਪ੍ਰਵਾਸ ਨੂੰ ਉਤਸ਼ਾਹ ਕਰਨ ਦੀ ਦਿਸ਼ਾ ‘ਚ ਹੋਰ ਵੱਧ ਕੋਸ਼ਿਸ਼ ਕਰਨ ਦੀ ਅਪੀਲ ਕੀਤੀ। ਬਿਆਨ ਅਨੁਸਾਰ, ਸੰਮੇਲਨ ਦਾ ਆਯੋਜਨ ਵਿਦੇਸ਼ ਮੰਤਰਾਲਾ ਦੇ ਓਵਰਸੀਜ਼ ਇੰਪਲਾਇਮੈਂਟ ਐਂਡ ਪ੍ਰੋਟੈਕਟਰ ਜਨਰਲ ਆਫ਼ ਇਮੀਗ੍ਰੈਂਟਸ (ਓ.ਈ. ਐਂਡ ਪੀ.ਜੀ.ਈ.) ਡਿਵੀਜ਼ਨ ਵਲੋਂ ਨੇ ਕੀਤਾ ਸੀ ਅਤੇ ਇਸ ‘ਚ 14 ਭਰਤੀ ਏਜੰਟ ਸੰਘ ਦੇ ਪ੍ਰਤੀਨਿਧੀਆਂ, 13 ਸਰਕਾਰੀ ਭਰਤੀ ਏਜੰਟ, 15 ਪ੍ਰਵਾਸੀ ਰੱਖਿਅਕਾਂ ਤੋਂ ਇਲਾਵਾ ਕਿਰਤ ਅਤੇ ਰੁਜ਼ਗਾਰ ਮੰਤਰਾਲਾ, ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲਾ ਅਤੇ ਵਿਦੇਸ਼ ਮੰਤਰਾਲਾ ਦੇ ਸੀਨੀਅਰ ਅਧਿਕਾਰੀਆਂ ਅਤੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰੈਜ਼ੀਡੈਂਟ ਕਮਿਸ਼ਨਰਾਂ ਅਤੇ ਮੀਡੀਆ ਕਰਮੀਆਂ ਨੇ ਹਿੱਸਾ ਲਿਆ।
ਪ੍ਰਵਾਸੀ ਭਾਰਤੀ ਸਹਾਇਤਾ ਕੇਂਦਰ ‘ਵ੍ਹਟਸਐਪ’ ਚੈਨਲ ਸ਼ੁਰੂ
