ਮੋਗਾ, 28 ਅਕਤੂਬਰ (ਪੰਜਾਬ ਮੇਲ)- ਇਥੇ ਜ਼ਿਲ੍ਹਾ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈ.ਓ. ਵਿੰਗਾ) ਇੰਚਾਰਜ ਇੰਸਪੈਕਟਰ ਹਰਜੀਤ ਕੌਰ ਢੀਂਡਸਾ ਨੇ ਪ੍ਰਵਾਸੀ ਪੰਜਾਬੀਆਂ ਦੀਆਂ ਜ਼ਮੀਨਾਂ ਜਾਅਲਸਾਜ਼ੀ ਨਾਲ ਵੇਚਣ ਵਾਲੇ 8 ਮੈਂਬਰੀ ਗਰੋਹ ਨੂੰ ਬੇਨਕਾਬ ਕਰਕੇ ਮੁਲਜ਼ਮ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਗਰੋਹ ਨੇ ਐੱਨ.ਆਰ.ਆਈ. ਦੀ ਬਹੁਕਰੋੜੀ ਜ਼ਮੀਨ ਵੇਚਣ ਲਈ ਉਨ੍ਹਾਂ ਦੇ ਆਧਾਰ ਕਾਰਡ, ਪੈਨ ਕਾਰਡ ਤੇ ਵਿਦੇਸ਼ੀ ਪਾਸਪੋਰਟਾਂ ਦੀਆਂ ਫ਼ੋਟੋ ਕਾਪੀਆਂ ‘ਤੇ ਆਪਣੀਆਂ ਫੋਟੋਆਂ ਚਿਪਕਾ ਕੇ ਇੱਕ ਕਰੋੜ ਤੋਂ ਵੱਧ ਦੀ ਰਕਮ ਹਾਸਲ ਕੀਤੀ।
ਇਥੇ ਐੱਸ.ਪੀ. ਸੰਦੀਪ ਕੁਮਾਰ ਵਡੇਰਾ ਅਤੇ ਈ.ਓ. ਵਿੰਗਾ ਇੰਚਾਰਜ ਇੰਸਪੈਕਟਰ ਹਰਜੀਤ ਕੌਰ ਢੀਂਡਸਾ ਨੇ ਦੱਸਿਆ ਕਿ ਕੈਨੇਡਾ ਵਿਚ ਗੁਰਜਿੰਦਰਪਾਲ ਸਿੰਘ ਅਤੇ ਇੰਗਲੈਂਡ ਰਹਿੰਦੇ ਸਤਬੀਰ ਸਿੰਘ ਦੀ ਇੱਥੇ ਸਾਢੇ 17 ਏਕੜ ਜ਼ਮੀਨ ਹੈ। ਇਹ ਮੂਲ ਰੂਪ ਵਿਚ ਪਿੰਡ ਚੂਹੜ ਚੱਕ ਦੇ ਨਿਵਾਸੀ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਨੇ ਐੱਨ.ਆਰ.ਆਈ. ਗੁਰਜਿੰਦਰਪਾਲ ਸਿਘ ਦੇ ਆਧਾਰ ਕਾਰਡ, ਪੈਨ ਕਾਰਡ ਅਤੇ ਵਿਦੇਸ਼ੀ ਪਾਸਪੋਰਟ ‘ਤੇ ਆਪਣੀ ਫੋਟੋ ਚਿਪਕਾ ਕੇ ਅਤੇ ਦੂਜੇ ਮੁਲਜ਼ਮ ਰਵੀ ਕੁਮਾਰ ਨੇ ਐੱਨ.ਆਰ.ਆਈ. ਸਤਬੀਰ ਸਿੰਘ ਦੇ ਦਸਤਾਵੇਜ਼ਾਂ ‘ਤੇ ਆਪਣੀ ਫੋਟੋ ਲਗਾ ਕੇ ਇਹ ਜ਼ਮੀਨ ਮੋਗਾ ਵਾਸੀ ਟਾਇਲ ਫੈਕਟਰੀ ਸੰਚਾਲਕ ਰਜਨੀਸ਼ ਕੁਮਾਰ ਨੂੰ ਵੇਚਣ ਦਾ ਸੌਦਾ ਕਰਕੇ 66 ਲੱਖ ਰੁਪਏ ਨਕਦ ਤੇ 42 ਲੱਖ ਦੇ ਚੈੱਕ ਹਾਸਲ ਕੀਤੇ। ਸ਼ੱਕ ਹੋਣ ‘ਤੇ ਜਦੋਂ ਖਰੀਦਦਾਰ ਨੇ ਐੱਨ.ਆਰ.ਆਈਜ਼ ਨੂੰ ਪੁੱਛਿਆ, ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਇਹ ਜ਼ਮੀਨ ਨਹੀਂ ਵੇਚੀ। ਪੁਲਿਸ ਮੁਤਾਬਕ ਰਵੀ ਵਾਸੀ ਸਿੱਧਵਾਂ ਬੇਟ ਨੇ ਸੁਖਦੇਵ ਸਿੰਘ ਬਣ ਕੇ ਪ੍ਰਾਪਰਟੀ ਡੀਲਰ ਦੀ ਭੂਮਿਕਾ ਨਿਭਾਈ। ਮੁਲਜ਼ਮ ਦੀ ਮੁੱਢਲੀ ਪੁੱਛ-ਪੜਤਾਲ ਤੋਂ ਪਤਾ ਲੱਗਾ ਕਿ ਇਸ ਜਾਅਲਸਾਜ਼ੀ ਦੀ ਯੋਜਨਾ ਦਲਜੀਤ ਸਿੰਘ ਉਰਫ਼ ਬਬਲੀ ਵਾਸੀ ਲੁਧਿਆਣਾ ਨੇ ਬਣਾਈ ਸੀ।
ਐੱਨ.ਆਰ.ਆਈਜ਼ ਦੀ ਜ਼ਮੀਨ ਨਾਲ ਜੁੜਿਆ ਹੋਣ ਕਰਕੇ ਐੱਸ.ਐੱਸ.ਪੀ. ਅਜੈ ਗਾਂਧੀ ਨੇ ਇਹ ਮਾਮਲਾ ਗੰਭੀਰਤਾ ਨਾਲ ਲਿਆ। ਉਨ੍ਹਾਂ ਖਰੀਦਦਾਰ ਰਾਹੀਂ ਮੁਲਜ਼ਮ ਗੁਰਪ੍ਰੀਤ ਗੋਪੀ ਨੂੰ ਹੋਰ ਅਦਾਇਗੀ ਕਰਨ ਲਈ ਮੋਗਾ ਸੱਦ ਲਿਆ ਅਤੇ ਜਾਲ ਵਿਛਾ ਕੇ ਉਸ ਨੂੰ ਕਾਬੂ ਕਰ ਲਿਆ। ਖਰੀਦਦਾਰ ਮੁਤਾਬਕ ਮੋਗਾ ਤਹਿਸੀਲ ‘ਚ ਗਰੋਹ ਨਾਲ ਦੋ ਔਰਤਾਂ ਤੇ ਦੋ ਹੋਰ ਅਣਪਛਾਤੇ ਵਿਅਕਤੀ ਸਨ, ਜਿਨ੍ਹਾਂ ਦੀ ਹੁਣ ਪੁਲਿਸ ਭਾਲ ਕਰ ਰਹੀ ਹੈ। ਇਸ ਸਬੰਧੀ ਥਾਣਾ ਅਜੀਤਵਾਲ ਵਿਚ ਕੇਸ ਦਰਜ ਕੀਤਾ ਗਿਆ ਹੈ।
ਪ੍ਰਵਾਸੀ ਪੰਜਾਬੀਆਂ ਦੀ ਜ਼ਮੀਨਾਂ ਜਾਅਲਸਾਜ਼ੀ ਨਾਲ ਵੇਚਣ ਵਾਲਾ ਗਰੋਹ ਬੇਨਕਾਬ
