ਵਾਸ਼ਿੰਗਟਨ, 30 ਦਸੰਬਰ (ਪੰਜਾਬ ਮੇਲ)- ਅਮਰੀਕੀ ਚੋਣਾਂ ‘ਚ ਪ੍ਰਚਾਰ ਕੀਤੀ ਗਈ ਪ੍ਰਵਾਸੀ ਨੀਤੀ ਨੂੰ ਲੈ ਕੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕ ਆਪਸ ‘ਚ ਹੀ ਭਿੜ ਗਏ ਹਨ। ਟਰੰਪ ਦੇ ਸਮਰਥਕਾਂ ਦੇ ਕੱਟੜਪੰਥੀ ਸਮੂਹ ਮੈਗਾ (ਮੇਕ ਅਮੈਰਿਕਾ ਗ੍ਰੇਟ ਅਗੇਨ) ਦੇ ਮੈਂਬਰਾਂ ਅਤੇ ਟਰੰਪ ਸਮਰਥਕ ਅਰਬਪਤੀ ਐਲਨ ਮਸਕ ਵਿਚਾਲੇ ਮਾਹਿਰ ਆਈ.ਟੀ. ਇੰਜੀਨੀਅਰਾਂ ਨੂੰ ਬਾਹਰ ਕਰਨ ‘ਤੇ ਆਪਸ ‘ਚ ਹੀ ਵਿਵਾਦ ਹੋ ਗਿਆ ਹੈ।
ਟਰੰਪ ਵੱਲੋਂ ਸ਼੍ਰੀਰਾਮ ਕ੍ਰਿਸ਼ਣਨ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਨੀਤੀ ਦਾ ਸੀਨੀਅਰ ਸਲਾਹਕਾਰ ਬਣਾਏ ਜਾਣ ਕਾਰਨ ਮੈਗਾ ਸਮੂਹ ਦੇ ਮੈਂਬਰ ਨਾਰਾਜ਼ ਹੋ ਗਏ ਹਨ। ਨਿਯੁਕਤੀ ਪਿੱਛੋਂ ਕ੍ਰਿਸ਼ਣਨ ਨੇ ਬਿਆਨ ਦਿੱਤਾ ਹੈ ਕਿ ਸਾਨੂੰ ਵਿਦੇਸ਼ਾਂ ਵਿਚ ਪੈਦਾ ਹੋਏ ਆਈ.ਟੀ. ਇੰਜੀਨੀਅਰਾਂ ਦੀ ਲੋੜ ਹੈ। ਪਹਿਲੀ ਪੀੜ੍ਹੀ ਦੇ ਇੰਜੀਨੀਅਰ ਵੀ ਵਿਦੇਸ਼ਾਂ ‘ਚ ਪੈਦਾ ਹੋਏ ਸਨ।
ਇਸ ਤੋਂ ਬਾਅਦ ਮੈਗਾ ਸਮੂਹ ਦੀ ਕੱਟੜ ਦੱਖਣਪੰਥੀ ਵਰਕਰ ਲੌਰਾ ਲੂਮਰ ਤੇ ਮੈਟ ਗਾਇਤਜ਼ ਸ਼੍ਰੀਰਾਮ ਕ੍ਰਿਸ਼ਣਨ ਦੀ ਨਿਯੁਕਤੀ ਦੇ ਖੁੱਲ੍ਹੇ ਵਿਰੋਧ ‘ਚ ਉਤਰ ਆਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਨਿਯੁਕਤੀ ਅਤੇ ਕ੍ਰਿਸ਼ਣਨ ਦਾ ਬਿਆਨ ਟਰੰਪ ਦੇ ਉਸ ਚੋਣ ਵਾਅਦੇ ਦੇ ਖਿਲਾਫ ਹੈ ਕਿ ਅਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ ‘ਚ ਭੇਜਿਆ ਜਾਵੇਗਾ।
ਲੌਰਾ ਲੂਮਰ ਉਹੀ ਹਨ, ਜਿਨ੍ਹਾਂ ਨੇ ਚੋਣ ਪ੍ਰਚਾਰ ਦੌਰਾਨ ਹੈਤੀ ਦੇ ਪ੍ਰਵਾਸੀਆਂ ਖਿਲਾਫ ਟਰੰਪ ਦੇ ਸਮਰਥਨ ‘ਚ ਇਹ ਅਫਵਾਹ ਫੈਲਾਈ ਸੀ ਕਿ ਉਹ ਪ੍ਰਵਾਸੀ ਅਮਰੀਕੀਆਂ ਦੇ ਪਾਲਤੂ ਜਾਨਵਰਾਂ ਨੂੰ ਚੋਰੀ ਕਰ ਕੇ ਖਾ ਰਹੇ ਹਨ।