#PUNJAB

ਪ੍ਰਨੀਤ ਕੌਰ ਪਟਿਆਲੇ ਤੋਂ ਲੜਨਗੇ election

-2023 ‘ਚ ਕਾਂਗਰਸ ਤੋਂ ਕੀਤਾ ਸੀ ਮੁਅੱਤਲ
ਪਟਿਆਲਾ, 21 ਫਰਵਰੀ (ਪੰਜਾਬ ਮੇਲ)-ਪਹਿਲਾਂ ਇਹ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਪਟਿਆਲਾ ਹਲਕੇ ਤੋ ਕੈਪਟਨ ਦੀ ਬੇਟੀ ਜੈ ਇੰਦਰ ਕੌਰ ਚੋਣ ਮੈਦਾਨ ‘ਚ ਉਤਰ ਸਕਦੇ ਹਨ ਪਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਅਟਕਲਾਂ ਨੂੰ ਵਿਰਾਮ ਲਾਉਂਦੇ ਹੋਏ ਕਿਹਾ ਕਿ ਪ੍ਰਨੀਤ ਕੌਰ ਹੀ ਪਟਿਆਲੇ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜਨਗੇ।
ਕਾਂਗਰਸ ਤੋਂ ਮੁੱਅਤਲ ਪਟਿਆਲੇ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਛੇਤੀ ਹੀ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਣਗੇ। ਪਟਿਆਲਾ ਲੋਕ ਸਭਾ ਹਲਕੇ ਤੋਂ ਉਹ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੋਣਗੇ। ਹਾਲਾਂਕਿ ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਹੀ ਪ੍ਰਨੀਤ ਕੌਰ ਨੇ ਭਾਜਪਾ ਦੇ ਸਮਾਗਮਾਂ ‘ਚ ਸਿੱਧੇ ਰੂਪ ‘ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ ਅਤੇ ਕਾਂਗਰਸ ਨੇ 3 ਫਰਵਰੀ 2023 ਨੂੰ ਉਨ੍ਹਾਂ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਕਾਰਨ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਸੀ। ਹੁਣ ਰਸਮੀ ਤੌਰ ‘ਤੇ ਉਹ ਛੇਤੀ ਹੀ ਭਾਜਪਾ ‘ਚ ਸ਼ਾਮਲ ਹੋ ਜਾਣਗੇ।
ਲੋਕ ਸਭਾ ਦੀ ਮੈਂਬਰੀ ਬਚਾਉਣ ਲਈ ਪ੍ਰਨੀਤ ਕੌਰ ਨੇ ਕਾਂਗਰਸ ਤੋਂ ਅਸਤੀਫ਼ਾ ਨਹੀਂ ਦਿੱਤਾ। ਜੇਕਰ ਉਹ ਭਾਜਪਾ ‘ਚ ਸ਼ਾਮਲ ਹੋ ਜਾਂਦੇ ਹਨ, ਤਾਂ ਉਨ੍ਹਾਂ ਨੂੰ ਦਲ ਬਦਲੂ ਐਕਟ ਤਹਿਤ ਕਾਨੂੰਨੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਹੁਣ ਲੋਕ ਸਭਾ ਦੀਆਂ ਚੋਣਾਂ ਕਦੇ ਵੀ ਐਲਾਨ ਹੋ ਸਕਦੀਆਂ ਹਨ ਅਤੇ ਉਹ ਚੋਣਾਂ ਤੋਂ ਪਹਿਲਾਂ ਭਾਜਪਾ ‘ਚ ਸ਼ਾਮਲ ਹੋਣਗੇ। ਇਹ ਜਾਣਕਾਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਹੈ।