#PUNJAB

ਪ੍ਰਦਰਸ਼ਨਕਾਰੀ ਕਿਸਾਨ ਨੇਤਾਵਾਂ ਨੂੰ ਪੰਜਾਬ ਸਰਕਾਰ ਨੇ ਮੁਲਾਕਾਤ ਲਈ ਸੱਦਿਆ

ਚੰਡੀਗੜ੍ਹ,  24 ਨਵੰਬਰ (ਪੰਜਾਬ ਮੇਲ)- ਗੰਨੇ ਦੇ ਭਾਅ ਵਿੱਚ ਵਾਧੇ ਦੀ ਮੰਗ ਲਈ ਚਾਰ ਦਿਨਾਂ ਤੋਂ ਜਲੰਧਰ ਵਿੱਚ ਹਾਈਵੇਅ ’ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਪੰਜਾਬ ਸਰਕਾਰ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਨ ਲਈ ਚੰਡੀਗੜ੍ਹ ਬੁਲਾਇਆ ਹੈ। ਕਿਸਾਨ ਜਲੰਧਰ-ਫਗਵਾੜਾ ਹਾਈਵੇਅ ਦੇ ਵਿਚਕਾਰ ਧਰਨਾ ਦੇ ਰਹੇ ਹਨ, ਜਿਸ ਕਾਰਨ ਜਲੰਧਰ-ਦਿੱਲੀ ਵਿਚਾਲੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਕਿਸਾਨਾਂ ਨੇ ਵੀਰਵਾਰ ਨੂੰ ਜਲੰਧਰ ਦੇ ਪਿੰਡ ਧਨੋਵਾਲੀ ਨੇੜੇ ਰੇਲਵੇ ਟ੍ਰੈਕ ਦਾ ਇੱਕ ਹਿੱਸਾ ਵੀ ਜਾਮ ਕਰ ਦਿੱਤਾ, ਜਿਸ ਨਾਲ ਰੇਲ ਆਵਾਜਾਈ ਪ੍ਰਭਾਵਿਤ ਹੋਈ ਪਰ ਅੱਜ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਮਿਲਣ ਦਾ ਫੋਨ ਆਉਣ ਤੋਂ ਬਾਅਦ ਉਨ੍ਹਾਂ ਨੇ ਰੇਲਵੇ ਟਰੈਕ ਤੋਂ ਜਾਮ ਹਟਾਉਣ ਦਾ ਫੈਸਲਾ ਕੀਤਾ। ਸੜਕਾਂ ‘ਤੇ ਜਾਮ ਬਰਕਰਾਰ ਹੈ। ਕਿਸਾਨ ਗੰਨੇ ਦਾ ਭਾਅ 380 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 450 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਕਰ ਰਹੇ ਹਨ ਤੇ ਉਹ ਸੜਕ ਦੇ ਵਿਚਕਾਰ ਟੈਂਟ ਲਗਾ ਕੇ ਪ੍ਰਦਰਸ਼ਨ ਕਰ ਰਹੇ ਹਨ। ਉਹ ਗੰਨੇ ਦੀ ਪਿੜਾਈ ਲਈ ਖੰਡ ਮਿੱਲਾਂ ਦਾ ਕੰਮ ਮੁੜ ਸ਼ੁਰੂ ਕਰਨ ਦੀ ਵੀ ਮੰਗ ਕਰ ਰਹੇ ਹਨ।