ਪੈਸੇਫਿਕ ਅਕੈਡਮੀ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਬਰੁੱਕਸਾਈਡ ਵਿਖੇ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕੀਤੀ

13
Share

ਸਰੀ, 23 ਜੂਨ (ਹਰਦਮ ਮਾਨ/ਪੰਜਾਬ ਮੇਲ)ਪੈਸੇਫਿਕ ਅਕੈਡਮੀ ਦੇ ਨਵੇਂ ਵਿਦਿਆਰਥੀ ਆਪਣੇ ਅਧਿਆਪਕ ਕਰਿਸ ਵੈਨਡਜ਼ੂਰਾ ਦੀ ਅਗਵਾਈ ਹੇਠ ਬੀਤੇ ਦਿਨ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਨਤਮਸਤਕ ਹੋਏ। ਮਹਾਂਮਾਰੀ ਸਮੇਂ ਗੁਰਦੁਆਰਾ ਸਾਹਿਬ ਵਿਚ ਹਾਜ਼ਰੀ ਭਰਨ ਦੀ ਖੁੱਲ੍ਹ ਹੋਣ ਪਿੱਛੋਂ ਵਿਦਿਆਰਥੀਆਂ ਦਾ ਇਹ ਪਹਿਲਾ ਗਰੁੱਪ ਸੀ। ਗੁਰਦੁਆਰਾ ਸਾਹਿਬ ਵੱਲੋਂ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਬੁਲਾਰੇ ਸੁਰਿੰਦਰ ਸਿੰਘ ਜੱਬਲ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਤੇ ਗੁਰਦੁਆਰਾ ਸਾਹਿਬ ਦੀ ਮਰਿਆਦਾਸਿੱਖ ਧਰਮ ਸੰਬੰਧੀ ਮੁੱਢਲੀ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਸਿੱਖ ਧਰਮ ਬਾਰੇ ਅਤੇ ਗੁਰਦੁਆਰਾ ਸਾਹਿਬ ਵਿਚ ਦਿਖਾਈ ਦੇ ਰਹੇ ਪਹਿਲੂਆਂ ਬਾਰੇ ਆਪੋ ਆਪਣੇ ਸੁਆਲ ਵੀ ਪੁੱਛੇ। ਵਿਚਾਰ ਵਟਾਂਦਰੇ ਉਪਰੰਤ ਸਾਰੇ ਹੀ ਲੰਗਰ ਹਾਲ ਵਿਚ ਪੁੱਜੇ ਤੇ ਲੰਗਰ ਛਕ ਕੇ ਸੇਵਾਦਾਰਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕਰਕੇ ਵਿਦਾ ਹੋਏ। ਅਧਿਆਪਕ ਕਰਿਸ ਵੈਨਡਜ਼ੂਰਾ ਅਤੇ ਵਿਦਿਆਰਥੀਆਂ ਨੇ ਵਿਦਾਇਗੀ ਲੈਂਦਿਆਂ ਹੋਇਆਂ ਗੁਰਦੁਆਰਾ ਸਾਹਿਬ ਵੱਲੋਂ ਦਿੱਤੀਆਂ ਸੇਵਾਵਾਂ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ।

ਵਰਨਣਯੋਗ ਹੈ ਕਿ ਪੈਸੇਫਿਕ ਅਕੈਡਮੀ ਇਕ ਪ੍ਰਾਈਵੇਟ ਸਕੂਲ ਹੈ ਤੇ ਇਸ ਦੇ ਅਧਿਆਪਕ ਕਰਿਸ ਵੈਨਡਜ਼ੂਰਾ ਵਿਦਿਆਰਥੀਆਂ ਨੂੰ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਅਕਸਰ ਹੀ ਲੈ ਕੇ ਆਉਂਦੇ ਹਨ। ਵਿਦਿਆਰਥੀਆਂ ਨੂੰ ਆਪਣੇ ਆਂਢੀਆਂ ਗੁਆਂਢੀਆਂ ਦੇ ਧਰਮ ਤੇ ਸੱਭਿਆਚਾਰ ਤੋਂ ਜਾਣੂੰ ਕਰਵਾਉਣ ਦਾ ਮੌਕਾ ਪ੍ਰਦਾਨ ਕਰਨ ਲਈ ਪੈਸੇਫਿਕ ਅਕੈਡਮੀ ਦੇ ਪ੍ਰਬੰਧਕਾਂ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ।


Share