#SPORTS

ਪੈਰਿਸ ਓਲੰਪਿਕ: ਭਾਰਤੀ ਹਾਕੀ ਟੀਮ ਦਾ ਮੁੱਖ ਡਿਫੈਂਡਰ ਅਮਿਤ ਰੋਹੀਦਾਸ ਸੈਮੀ ਫਾਈਨਲ ਮੈਚ ‘ਚੋਂ ਮੁਅੱਤਲ

ਗ੍ਰੇਟ ਬ੍ਰਿਟੇਨ ਖ਼ਿਲਾਫ਼ ਮੈਚ ‘ਚ ਮਿਲਿਆ ਰੈੱਡ ਕਾਰਡ; ਹਾਕੀ ਇੰਡੀਆ ਵੱਲੋਂ ਅਪੀਲ ਦਾਇਰ
ਪੈਰਿਸ, 5 ਅਗਸਤ (ਪੰਜਾਬ ਮੇਲ)-  ਭਾਰਤੀ ਹਾਕੀ ਟੀਮ ਦੇ ਮੁੱਖ ਡਿਫੈਂਡਰ ਅਮਿਤ ਰੋਹੀਦਾਸ ਨੂੰ ਗ੍ਰੇਟ ਬ੍ਰਿਟੇਨ ਖ਼ਿਲਾਫ਼ ਕੁਆਰਟਰ ਫਾਈਨਲ ਮੈਚ ਵਿਚ ਰੈੱਡ ਕਾਰਡ ਮਿਲਣ ਕਰ ਕੇ ਇਕ ਮੈਚ ਲਈ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਹ ਜਰਮਨੀ ਖ਼ਿਲਾਫ਼ ਮੰਗਲਵਾਰ ਨੂੰ ਹੋਣ ਵਾਲੇ ਓਲੰਪਿਕ ਸੈਮੀ ਫਾਈਨਲ ਵਿਚ ਨਹੀਂ ਖੇਡ ਸਕੇਗਾ। ਇਸ ਦਾ ਮਤਲਬ ਹੈ ਕਿ ਇਸ ਅਹਿਮ ਮੈਚ ਲਈ ਭਾਰਤ ਦੇ ਸਿਰਫ 15 ਖਿਡਾਰੀ ਹੀ ਹੋਣਗੇ, ਜੋ ਕਿ ਅੱਠ ਵਾਰ ਦੇ ਓਲੰਪਿਕ ਚੈਂਪੀਅਨ ਲਈ ਕਰਾਰਾ ਝਟਕਾ ਹੈ। ਹਾਕੀ ਇੰਡੀਆ ਨੇ ਰੋਹੀਦਾਸ ਦੀ ਮੁਅੱਤਲੀ ਖ਼ਿਲਾਫ਼ ਪਹਿਲਾਂ ਹੀ ਅਪੀਲ ਦਾਇਰ ਕਰ ਦਿੱਤੀ ਹੈ, ਜਿਸ ‘ਤੇ ਐੱਫ.ਆਈ.ਐੱਚ. ਦੀ ਇਕ ਜਿਊਰੀ ਫੈਸਲਾ ਲਵੇਗੀ।

ਮੈਚ ਦੌਰਾਨ ਅਮਿਤ ਰੋਹੀਦਾਸ ਦੀ ਸਟਿੱਕ ਲੱਗਣ ਤੋਂ ਬਾਅਦ ਡਿੱਗਦਾ ਹੋਇਆ ਬਰਤਾਨਵੀ ਖਿਡਾਰੀ ਵਿਲ ਕੈਲਨਾਨ।

ਕੌਮਾਂਤਰੀ ਹਾਕੀ ਫੈਡਰੇਸ਼ਨ (ਐੱਫ.ਆਈ.ਐੱਚ.) ਨੇ ਅਧਿਕਾਰਤ ਬਿਆਨ ਰਾਹੀਂ ਕਿਹਾ, ”ਭਾਰਤ ਤੇ ਗ੍ਰੇਟ ਬ੍ਰਿਟੇਨ ਵਿਚਾਲੇ 4 ਅਗਸਤ ਨੂੰ ਖੇਡੇ ਗਏ ਮੈਚ ਦੌਰਾਨ ਅਮਿਤ ਰੋਹੀਦਾਸ ਨੂੰ ਐੱਫ.ਆਈ.ਐੱਚ. ਆਦਰਸ਼ ਜ਼ਾਬਤੇ ਦੀ ਉਲੰਘਣਾ ਲਈ ਇਕ ਮੈਚ ਵਾਸਤੇ ਮੁਅੱਤਲ ਕਰ ਦਿੱਤਾ ਗਿਆ ਸੀ। ਬਿਆਨ ਮੁਤਾਬਕ, ”ਮੁਅੱਤਲ ਦਾ ਅਸਰ ਮੈਚ ਨੰਬਰ 35 (ਜਰਮਨੀ ਖ਼ਿਲਾਫ਼ ਭਾਰਤ ਦਾ ਸੈਮੀ ਫਾਈਨਲ) ‘ਤੇ ਪਵੇਗਾ, ਜਿਸ ਵਿਚ ਅਮਿਤ ਰੋਹੀਦਾਸ ਨਹੀਂ ਖੇਡੇਗਾ ਅਤੇ ਭਾਰਤ ਸਿਰਫ 15 ਖਿਡਾਰੀਆਂ ਦੀ ਟੀਮ ਨਾਲ ਖੇਡੇਗਾ।” ਰੋਹੀਦਾਸ ਨੂੰ ਗ੍ਰੇਟ ਬ੍ਰਿਟੇਨ ਖ਼ਿਲਾਫ਼ ਮੈਚ ‘ਚ ਅੰਤਿਮ ਹੂਟਰ ਵਜਣ ਤੋਂ ਲਗਪਗ 40 ਮਿੰਟ ਪਹਿਲਾਂ ਮੈਦਾਨ ਤੋਂ ਬਾਹਰ ਭੇਜ ਦਿੱਤਾ ਗਿਆ ਸੀ ਕਿਉਂਕਿ ਉਸ ਦੀ ਸਟਿੱਕ ਅਨਜਾਣਪੁਣੇ ਵਿਚ ਇਕ ਵਿਰੋਧੀ ਖਿਡਾਰੀ ਦੇ ਲੱਗ ਗਈ ਸੀ। ਮੈਚ ਦੇ ਦੂਜੇ ਕੁਆਰਟਰ ਵਿਚ 31 ਸਾਲਾ ਰੋਹੀਦਾਸ ਮੈਦਾਨ ‘ਤੇ ਵਿਲ ਕੈਲਨਾਨ ਨਾਲ ਬਹਿਸ ਪਿਆ ਸੀ। ਮੈਦਾਨੀ ਅੰਪਾਇਰ ਨੇ ਭਾਰਤੀ ਖਿਡਾਰੀ ਨੂੰ ਪਹਿਲਾਂ ਚਿਤਾਵਨੀ ਦਿੱਤੀ ਪਰ ਟੀ.ਵੀ. ਅੰਪਾਇਰ ਨੇ ਵੀਡੀਓ ਰੈਫਰਲ ਤੋਂ ਬਾਅਦ ਰੋਹੀਦਾਸ ਨੂੰ ਰੈੱਡ ਕਾਰਡ ਦੇ ਦਿੱਤਾ।