#INDIA

ਪੂਰਾ ਉੱਤਰੀ ਭਾਰਤ ਗਰਮ ਹਵਾਵਾਂ ਦੀ ਮਾਰ ਹੇਠ ਆਇਆ

ਰਾਜਸਥਾਨ ਦੇ ਚੁਰੂ ਵਿਚ ਪਾਰਾ 50.5 ਡਿਗਰੀ ਪੁੱਜਿਆ
-ਅਗਲੇ ਦੋ ਦਿਨ ਗਰਮ ਹਵਾਵਾਂ ਚੱਲਣ ਦੀ ਪੇਸ਼ੀਨਗੋਈ
ਨਵੀਂ ਦਿੱਲੀ, 28 ਮਈ (ਪੰਜਾਬ ਮੇਲ)- ਇਸ ਵੇਲੇ ਗਰਮ ਹਵਾਵਾਂ ਦੀ ਮਾਰ ਹੇਠ ਪੂਰਾ ਉਤਰੀ ਭਾਰਤ ਆ ਗਿਆ ਹੈ। ਜੈਪੁਰ ਦੇ ਮੌਸਮ ਵਿਭਾਗ ਨੇ ਦੱਸਿਆ ਕਿ ਚੁਰੂ ਵਿਚ ਅੱਜ ਵੱਧ ਤੋਂ ਵੱਧ ਤਾਪਮਾਨ 50.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 7.5 ਡਿਗਰੀ ਵੱਧ ਅਤੇ ਸੀਜ਼ਨ ਦਾ ਸਭ ਤੋਂ ਉੱਚਾ ਤਾਪਮਾਨ ਹੈ। ਮੌਸਮ ਵਿਗਿਆਨ ਕੇਂਦਰ ਜੈਪੁਰ ਅਨੁਸਾਰ ਚੁਰੂ ਵਿਚ 1 ਜੂਨ, 2019 ਨੂੰ ਸਭ ਤੋਂ ਵੱਧ ਤਾਪਮਾਨ 50.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਰਾਜਸਥਾਨ ਦਾ ਫਲੋਦੀ ਵਿਚ ਤਾਪਮਾਨ 49.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਭਾਗ ਅਨੁਸਾਰ ਅੱਜ ਅਤੇ ਭਲਕੇ ਗਰਮੀ ਹੋਰ ਪਵੇਗੀ ਤੇ 30 ਮਈ ਤੋਂ ਬਾਅਦ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ। ਦੇਸ਼ ਵਿਚ ਵਧਦੇ ਤਾਪਮਾਨ ਦੇ ਨਵੇਂ ਰਿਕਾਰਡ ਬਣ ਰਹੇ ਹਨ। ਪੰਜਾਬ ‘ਚ 27 ਮਈ ਨੂੰ 46 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ। ਬਠਿੰਡਾ ਵਿਚ ਵੱਧ ਤੋਂ ਵੱਧ ਤਾਪਮਾਨ 48.4 ਡਿਗਰੀ ਦਰਜ ਕੀਤਾ ਗਿਆ, ਜਿੱਥੇ ਅੱਜ ਵੀ ਪਾਰਾ 49 ਡਿਗਰੀ ਤੋਂ ਪਾਰ ਰਿਹਾ। ਜ਼ਿਕਰਯੋਗ ਹੈ ਕਿ 21 ਮਈ 1978 ਨੂੰ ਅੰਮ੍ਰਿਤਸਰ ਦਾ ਤਾਪਮਾਨ 47.7 ਡਿਗਰੀ ਦਰਜ ਕੀਤਾ ਗਿਆ ਸੀ। 27 ਮਈ ਨੂੰ 132 ਸਾਲ ਬਾਅਦ ਝਾਂਸੀ ਵਿਚ 48.1 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ 20 ਮਈ 1892 ਨੂੰ ਪਾਰਾ 48.1 ਡਿਗਰੀ ਤੱਕ ਪਹੁੰਚ ਗਿਆ ਸੀ। ਆਗਰਾ ਦਾ ਤਾਪਮਾਨ 47.8 ਡਿਗਰੀ ਦਰਜ ਕੀਤਾ ਗਿਆ। 26 ਸਾਲ ਪਹਿਲਾਂ 27 ਮਈ 1998 ਨੂੰ ਆਗਰਾ ਦਾ ਵੱਧ ਤੋਂ ਵੱਧ ਤਾਪਮਾਨ 48.6 ਡਿਗਰੀ ਤੱਕ ਪਹੁੰਚ ਗਿਆ ਸੀ। ਜੰਮੂ ‘ਚ ਕਈ ਥਾਵਾਂ ‘ਤੇ ਤਾਪਮਾਨ 43 ਡਿਗਰੀ ਨੂੰ ਪਾਰ ਕਰ ਗਿਆ ਹੈ। ਇਸ ਕਾਰਨ ਜੰਮੂ ਪ੍ਰਸ਼ਾਸਨ ਨੇ 1 ਜੂਨ ਤੋਂ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ 46 ਦਿਨਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਕਰਨ ਦਾ ਐਲਾਨ ਕੀਤਾ ਹੈ। ਇੱਥੇ ਸਕੂਲ 1 ਜੂਨ ਤੋਂ 16 ਜੁਲਾਈ ਤੱਕ ਬੰਦ ਰਹਿਣਗੇ।