#AMERICA

ਪੁਲਾੜ ਤੋਂ ਸੁਨੀਤਾ ਵਿਲੀਅਮਸ ਦੀ ਵਾਪਸੀ ਫਿਰ ਟਲੀ; ਕਰੂ-10 ਦੀ ਲਾਂਚਿੰਗ ਮੁਲਤਵੀ

ਵਾਸ਼ਿੰਗਟਨ, 15 ਮਾਰਚ (ਪੰਜਾਬ ਮੇਲ)- ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਦੀ ਧਰਤੀ ‘ਤੇ ਵਾਪਸੀ ਇਕ ਵਾਰ ਫਿਰ ਟਲ ਗਈ ਹੈ। 9 ਮਹੀਨਿਆਂ ਤੋਂ ਪੁਲਾੜ ਵਿਚ ਫਸੇ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਦੀ ਵਾਪਸੀ ਦੀ ਵੱਡੀ ਉਮੀਦ ਸੀ। ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਸੁਨੀਤਾ ਦੀ ਵਾਪਸੀ ਯਕੀਨੀ ਬਣਾਉਣ ਲਈ ਕਰੂ-10 ਨਾਂ ਦਾ ਪੁਲਾੜ ਜਹਾਜ਼ ਲਾਂਚ ਕਰਨ ਵਾਲੀ ਸੀ।
ਪਰ ਤਕਨੀਕੀ ਖਰਾਬੀ ਕਾਰਨ ਕਰੂ-10 ਦੀ ਲਾਂਚਿੰਗ ਨੂੰ ਮੁਲਤਵੀ ਕਰਨਾ ਪਿਆ। ਨਾਸਾ ਨੇ ਕਿਹਾ ਕਿ ਕਰੂ-10 ਦੇ ਹਾਈਡ੍ਰੌਲਿਕ ਸਿਸਟਮ ‘ਚ ਖਰਾਬੀ ਕਾਰਨ ਇਸ ਦੀ ਲਾਂਚਿੰਗ ਨੂੰ ਰੋਕਣਾ ਪਿਆ। ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਦੀ ਵਾਪਸੀ ਲਈ ਕਰੂ-10 ਮਹੱਤਵਪੂਰਨ ਹੈ, ਕਿਉਂਕਿ ਇਸ ਦਾ ਉਦੇਸ਼ ਕਰੂ-9 ਨੂੰ ਬਦਲਣਾ ਹੈ। ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਕਰੂ-9 ਤੋਂ ਪੁਲਾੜ ਵਿਚ ਚਲੇ ਗਏ ਹਨ। ਨਾਸਾ ਨੇ ਪਹਿਲਾਂ ਕਿਹਾ ਸੀ ਕਿ ਕਰੂ-9 ਪੁਲਾੜ ਵਿਚ ਲਾਂਚ ਕੀਤੇ ਜਾਣ ਤੋਂ ਬਾਅਦ ਹੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐੱਸ.ਐੱਸ.) ਤੋਂ ਵਾਪਸ ਆ ਸਕਦਾ ਹੈ।
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖੁਦ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਦੀ ਵਾਪਸੀ ‘ਚ ਦਿਲਚਸਪੀ ਲੈ ਰਹੇ ਹਨ। ਉਨ੍ਹਾਂ ਨੇ ਇਸ ਦੇ ਲਈ ਸਪੇਸਐਕਸ ਦੇ ਮਾਲਕ ਐਲੋਨ ਮਸਕ ਨੂੰ ਵੀ ਜ਼ਿੰਮੇਵਾਰੀ ਦਿੱਤੀ ਹੈ। ਟਰੰਪ ਨੇ ਕੁਝ ਦਿਨ ਪਹਿਲਾਂ ਹੀ ਕਿਹਾ ਸੀ ਕਿ ਬਾਇਡਨ ਨੇ ਸੁਨੀਤਾ ਅਤੇ ਬੁਚ ਵਿਲਮੋਰ ਨੂੰ ਪੁਲਾੜ ਵਿਚ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਬਾਰੇ ਐਲੋਨ ਮਸਕ ਨਾਲ ਗੱਲਬਾਤ ਕੀਤੀ ਹੈ ਅਤੇ ਮਸਕ ਨੇ ਇਸ ਲਈ ਹਾਮੀ ਭਰ ਦਿੱਤੀ ਹੈ।
ਇਸ ਤੋਂ ਬਾਅਦ ਮਸਕ ਦੀ ਕੰਪਨੀ ਸਪੇਸਐਕਸ ਨੇ ਇਸ ਦਿਸ਼ਾ ‘ਚ ਕੰਮ ਸ਼ੁਰੂ ਕੀਤਾ ਅਤੇ ਕਰੂ-10 ਨੂੰ ਲਾਂਚ ਕਰਨ ਵਾਲੀ ਸੀ ਪਰ ਇਸ ਦੀ ਲਾਂਚਿੰਗ ਨੂੰ ਇੱਕ ਵਾਰ ਫਿਰ ਟਾਲ ਦਿੱਤਾ ਗਿਆ ਹੈ। ਨਾਸਾ ਮੁਤਾਬਕ, ਹੁਣ ਕਰੂ-10 ਦੀ ਅਗਲੀ ਲਾਂਚਿੰਗ ਵੀਰਵਾਰ 17 ਮਾਰਚ ਨੂੰ ਹੋ ਸਕਦੀ ਹੈ। ਹਾਲਾਂਕਿ, ਇਹ ਤਾਰੀਖ ਵੀ ਤੈਅ ਨਹੀਂ ਹੈ ਅਤੇ ਮੌਸਮ ਸਮੇਤ ਹੋਰ ਕਾਰਕਾਂ ‘ਤੇ ਧਿਆਨ ਦੇਣਾ ਜ਼ਰੂਰੀ ਹੋਵੇਗਾ। ਕਰੂ-10 ਸਪੇਸਐਕਸ ਦੇ ਮਨੁੱਖੀ ਪੁਲਾੜ ਆਵਾਜਾਈ ਪ੍ਰਣਾਲੀ ਦਾ 10ਵਾਂ ਚਾਲਕ ਦਲ ਰੋਟੇਸ਼ਨ ਮਿਸ਼ਨ ਹੈ। ਦੱਸਣਯੋਗ ਹੈ ਕਿ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਪਿਛਲੇ ਸਾਲ 5 ਜੂਨ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਗਏ ਸਨ। ਉਸ ਨੇ ਇਕ ਹਫਤੇ ਬਾਅਦ ਵਾਪਸ ਆਉਣਾ ਸੀ ਪਰ ਬੋਇੰਗ ਸਟਾਰਲਾਈਨਰ ਵਿਚ ਖਰਾਬੀ ਕਾਰਨ ਉਹ ਉਥੇ ਹੀ ਫਸ ਗਈ।