#OTHERS

ਪੁਤਿਨ ਵੱਲੋਂ ਇਕ ਵਾਰ ਰਾਸ਼ਟਰਪਤੀ ਚੋਣਾਂ ‘ਚ ਹਿੱਸਾ ਲੈਣ ਦਾ ਫੈਸਲਾ

-2030 ਤਕ ਸੱਤਾ ‘ਚ ਬਣੇ ਰਹਿਣ ਦੀ ਤਿਆਰੀ
ਮਾਸਕੋ, 9 ਨਵੰਬਰ (ਪੰਜਾਬ ਮੇਲ)-ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮਾਰਚ 2024 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਹਿੱਸਾ ਲੈਣ ਦਾ ਫੈਸਲਾ ਕੀਤਾ ਹੈ। ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਮਿਲੀ ਹੈ। ਪੁਤਿਨ ਦੇ ਇਸ ਫੈਸਲੇ ਨਾਲ ਉਹ 2030 ਤਕ ਸੱਤਾ ‘ਚ ਬਣੇ ਰਹਿਣਗੇ ਅਤੇ ਰੂਸ ਦੀ ਅਗਵਾਈ ਕਰਨਗੇ। 1999 ‘ਚ ਬੋਰਿਸ ਯੇਲਤਸਿਨ ਨੇ ਪੁਤਿਨ ਨੂੰ ਰਾਸ਼ਟਰਪਤੀ ਦਾ ਅਹੁਦਾ ਸੌਂਪਿਆ ਸੀ, ਜਿਸ ਦੇ ਬਾਅਦ ਤੋਂ ਪੁਤਿਨ ਹੀ ਜੋਸੇਫ ਸਟਾਲਿਨ ਦੇ ਬਾਅਦ ਕਿਸੇ ਵੀ ਹੋਰ ਰੂਸੀ ਸ਼ਾਸਕ ਦੀ ਤੁਲਨਾ ‘ਚ ਜ਼ਿਆਦਾ ਸਮੇਂ ਤਕ ਰਾਸ਼ਟਰਪਤੀ ਵਜੋਂ ਕੰਮ ਕਰ ਚੁੱਕੇ ਹਨ। ਇਥੋਂ ਤਕ ਲਿਓਨਿਦ ਬ੍ਰੇਝਾਨੇਵ ਦਾ ਕਾਰਜਕਾਲ ਵੀ 18 ਸਾਲਾਂ ਦੀ ਹੀ ਸੀ।
ਜ਼ਿਕਰਯੋਗ ਹੈ ਕਿ ਪੁਤਿਨ 7 ਅਕਤੂਬਰ ਨੂੰ 71 ਸਾਲ ਦੇ ਹੋ ਗਏ ਹਨ। ਸੂਤਰਾਂ ਨੇ ਕਿਹਾ ਕਿ ਪੁਤਿਨ ਦੇ ਫੈਸਲੇ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ ਅਤੇ ਸਲਾਹਕਾਰ ਹੁਣ ਉਨ੍ਹਾਂ ਦੀ ਚੋਣ ਮੁਹਿੰਮ ਦੀ ਤਿਆਰੀ ‘ਚ ਲੱਗੇ ਹੋਏ ਹਨ। ਇਕ ਵਿਦੇਸ਼ੀ ਰਾਜਦੂਤ ਨੇ ਨਾਂ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਪੁਤਿਨ ਨੇ ਹਾਲ ਹੀ ‘ਚ ਇਹ ਫੈਸਲਾ ਲਿਆ ਹੈ ਅਤੇ ਇਸ ਦਾ ਐਲਾਨ ਵੀ ਜਲਦੀ ਹੋਵੇਗਾ। ਹਾਲਾਂਕਿ ਕ੍ਰੈਮਲਿਨ ਦੇ ਬੁਲਾਰੇ ਦਮਿੱਤਰੀ ਪੇਸਕੋਵ ਨੇ ਇਸ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।