ਨਵੀਂ ਦਿੱਲੀ, 4 ਦਸੰਬਰ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਅਮਰੀਕੀ ਵਫ਼ਦ ਦੇ ਯੂਕਰੇਨ ਸ਼ਾਂਤੀ ਪ੍ਰਸਤਾਵ ‘ਤੇ ਰੂਸ ਦੇ ਰਾਸ਼ਟਰਪਤੀ ਨਾਲ ਇੱਕ ਚੰਗੀ ਗੱਲਬਾਤ ਹੋਈ ਹੈ। ਟਰੰਪ ਨੇ ਦਾਅਵਾ ਕੀਤਾ ਕਿ ਡੈਲੀਗੇਸ਼ਨ ਨਾਲ ਗੱਲਬਾਤ ਦੌਰਾਨ ਇਹ ਪਾਇਆ ਗਿਆ ਕਿ ਵਲਾਦੀਮੀਰ ਪੁਤਿਨ ਵੀ ਜੰਗ ਨੂੰ ਖਤਮ ਕਰਨਾ ਚਾਹੁੰਦੇ ਹਨ।
ਦਰਅਸਲ, ਬੁੱਧਵਾਰ ਨੂੰ ਅਮਰੀਕਾ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਕ ਨੇ ਮਾਸਕੋ ‘ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਪੰਜ ਘੰਟੇ ਲੰਬੀ ਗੱਲਬਾਤ ਕੀਤੀ। ਧਿਆਨ ਦੇਣ ਵਾਲੀ ਗੱਲ ਹੈ ਕਿ ਦੋਵਾਂ ਦਿੱਗਜਾਂ ਦੀ ਗੱਲਬਾਤ ਸਾਲ 2022 ਵਿਚ ਸ਼ੁਰੂ ਹੋਏ ਰੂਸ-ਯੂਕਰੇਨ ਵਿਵਾਦ ਨੂੰ ਖਤਮ ਕਰਨ ‘ਤੇ ਕੇਂਦਰਿਤ ਸੀ।
ਅਮਰੀਕੀ ਰਾਸ਼ਟਰਪਤੀ ਨੇ ਓਵਲ ਆਫਿਸ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪੁਤਿਨ ਦੀ ਜੇਰੇਡ ਕੁਸ਼ਨਰ ਅਤੇ ਸਟੀਵ ਵ੍ਹਾਈਟਕੌਫ ਨਾਲ ਬਹੁਤ ਚੰਗੀ ਮੀਟਿੰਗ ਹੋਈ। ਉਸ ਮੀਟਿੰਗ ਵਿਚੋਂ ਕੀ ਨਿਕਲਿਆ, ਮੈਂ ਤੁਹਾਨੂੰ ਨਹੀਂ ਦੱਸ ਸਕਦਾ ਕਿਉਂਕਿ ਟੈਂਗੋ ਲਈ ਦੋ ਲੋਕਾਂ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ, ”ਉਹ (ਪੁਤਿਨ) ਜੰਗ ਖਤਮ ਕਰਨਾ ਚਾਹੁਣਗੇ, ਅਜਿਹਾ ਉਨ੍ਹਾਂ ਦਾ ਮੰਨਣਾ ਸੀ।”
ਓਥੇ ਹੀ, ਕ੍ਰੈਮਲਿਨ ਦੇ ਸੀਨੀਅਰ ਸਲਾਹਕਾਰ ਯੂਪੀ ਉਸ਼ਾਕੋਵ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਮੀਟਿੰਗ ਲੜਾਈ ਸ਼ੁਰੂ ਹੋਣ ਤੋਂ ਬਾਅਦ ਵਾਸ਼ਿੰਗਟਨ ਅਤੇ ਮਾਸਕੋ ਦੇ ਵਿਚਕਾਰ ਸਭ ਤੋਂ ਵੱਡੀ ਗੱਲਬਾਤ ਵਿਚੋਂ ਇਕ ਸੀ। ਹਾਲਾਂਕਿ, ਇਲਾਕੇ ਦੇ ਮੁੱਦਿਆਂ ‘ਤੇ ਕੋਈ ਸਮਝੌਤਾ ਨਹੀਂ ਹੋਇਆ ਹੈ। ਟਰੰਪ ਨੇ ਕਿਹਾ ਕਿ ਇਸ ਵਫ਼ਦ ਨੇ ਸਮਝੌਤੇ ਦੇ ਸੰਭਾਵੀ ਰਾਹਾਂ ‘ਤੇ ਵਿਚਾਰ ਕੀਤਾ, ਪਰ ਮੁੱਖ ਵਿਵਾਦ ਅਜੇ ਵੀ ਅਣਸੁਲਝੇ ਹਨ। ਟਰੰਪ ਨੇ ਦਾਅਵਾ ਕੀਤਾ ਕਿ ਉਹ ਯੂਕਰੇਨ ਦੇ ਮਸਲੇ ਨੂੰ ਹੱਲ ਕਰਨ ਦੇ ਕਰੀਬ ਹਨ। ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਅਜੇ ਕਾਫੀ ਕੰਮ ਕੀਤਾ ਜਾਣਾ ਹੈ।
ਪੁਤਿਨ ਯੂਕਰੇਨ ਨਾਲ ਜੰਗ ਖਤਮ ਕਰਨੀ ਚਾਹੁੰਦੇ ਹਨ : ਟਰੰਪ ਵੱਲੋਂ ਦਾਅਵਾ

